ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੀ ਮੀਟਿੰਗ ਸਥਾਨਕ
ਵਿਰਸਾ ਵਿਹਾਰ ਵਿਖੇ ਤਰਕਸ਼ੀਲ ਆਗੂ ਕਾ. ਬਲਵਿੰਦਰ ਦੁਧਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੁਸਾਇਟੀ ਵਲੋਂ ਸਮੁੱਚੇ ਪੰਜਾਬ ਵਿਚ ਆਯੋਜਿਤ ਕੀਤੀ ਜਾ ਰਹੀ ਤੀਜੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ ਤਿਆਰ ਕੀਤੀ ਵਿਸ਼ੇਸ਼ ਸਿਲੇਬਸ ਦੀ ਕਿਤਾਬ ਨੂੰ ਰਲੀਜ਼ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦਕ ਮੁਖੀ ਸੁਮੀਤ ਸਿੰਘ ਅਤੇ ਵਿੱਤ ਮੁਖੀ ਜਸਪਾਲ ਬਾਸਰਕਾ ਨੇ ਦਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਵਲੋਂ ਜਲਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਤੀਜੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸਮੁੱਚੇ ਪੰਜਾਬ ਅਤੇ ਚੰਡੀਗੜ੍ਹ ਦੇ ਵੱਖ ਵੱਖ ਸਕੂਲ ਕੇਂਦਰਾਂ ਵਿਚ ਦਸ ਅਗਸਤ ਨੂੰ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰੀਖਿਆ ਦਾ ਮੰਤਵ ਵਿਦਿਆਰਥੀਆਂ ਨੂੰ ਅੰਧ ਵਿਸ਼ਵਾਸਾਂ ਵਿਚੋਂ ਕੱਢ ਕੇ ਵਿਗਿਆਨਕ ਚੇਤਨਾ ਪੈਦਾ ਕਰਨ ਅਤੇ ਫਿਲਮੀ ਨਾਇਕਾਂ ਦੀ ਥਾਂ ਸਮਾਜ ਦੇ ਅਸਲ ਨਾਇਕਾਂ ਤੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਾਉਣਾ ਹੈ।ਇਸ ਪ੍ਰੀਖਿਆ ਵਿਚ ਕੁੱਲ 100 ਪ੍ਰਸ਼ਨ ਹੋਣਗੇ, ਜਿਨਾਂ ਲਈ ਸਮਾਂ ਸਵੇਰੇ 10 ਵਜੇ ਤੋਂ 12 ਵਜੇ ਤਕ ਦਾ ਹੋਵੇਗਾ।
ਉਨ੍ਹਾਂ ਦਸਿਆ ਕਿ ਤਰਕਸ਼ੀਲ ਸੁਸਾਇਟੀ ਵਲੋਂ 6ਵੀਂ ਤੋਂ 8ਵੀਂ ਜਮਾਤ (ਮਿਡਲ ਪੱਧਰ) ਅਤੇ 9ਵੀਂ ਤੋਂ 12ਵੀਂ ਜਮਾਤ (ਸੈਕੰਡਰੀ ਪੱਧਰ) ਦੀਆਂ ਦੋ ਵਿਸ਼ੇਸ਼ ਕਿਤਾਬਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਦੋ ਪਧਰੀ ਪ੍ਰੀਖਿਆ ਵਿਚ ਇਕਾਈ, ਜੋਨ ਅਤੇ ਸੂਬਾ ਪੱਧਰ ਤੇ ਮੋਹਰੀ ਸਥਾਨ ਉਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਤਰਕਸ਼ੀਲ ਕਿਤਾਬਾਂ ਦਾ ਸੈਟ, ਪ੍ਰਸੰਸਾ ਪੱਤਰ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ।
ਇਕਾਈ ਦੇ ਤਰਕਸ਼ੀਲ ਆਗੂਆਂ ਮਨਜੀਤ ਬਾਸਰਕੇ, ਧਰਵਿੰਦਰ ਕੋਹਾਲੀ ਅਤੇ ਸੁਖਮੀਤ ਸਿੰਘ ਨੇ ਦਸਿਆ ਕਿ ਪ੍ਰੀਖਿਆ ਲਈ ਵਿਦਿਆਰਥੀਆਂ ਦੀ ਰਜਿਸਟਰੇਸ਼ਨ 15 ਜੁਲਾਈ ਤੱਕ ਕੀਤੀ ਜਾਵੇਗੀ ਅਤੇ ਪ੍ਰੀਖਿਆ ਕੇਂਦਰਾਂ ਦਾ ਐਲਾਨ ਜੁਲਾਈ ਦੇ ਆਖਰੀ ਹਫਤੇ ਕਰ ਦਿੱਤਾ ਜਾਵੇਗਾ। ਉਨ੍ਹਾਂ ਸਰਕਾਰ ਅਤੇ ਨਿੱਜੀ ਸਕੂਲ ਦੇ ਮੁਖੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਕਸ਼ੀਲ ਅਸ਼ਵਨੀ ਕੁਮਾਰ, ਸ਼ਮਸ਼ੇਰ ਹੇਰ, ਹਰਜਿੰਦਰ ਬੱਲ, ਕਾ. ਅਜੀਤ ਸਿੰਘ, ਰਮੇਸ਼ ਕੁਮਾਰ ਅਤੇ ਸੁਖਬੀਰ ਸਿੰਘ ਆਦਿ ਮੈਂਬਰ ਸ਼ਾਮਲ ਹੋਏ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media