ਡੀ.ਸੀ ਤੇ ਐਸ.ਐਸ.ਪੀ ਨੇ ਟਰੈਕਟਰ ਅਤੇ ਮੋਟਰਸਾਈਕਲ ਰਾਹੀਂ ਸਥਿਤੀ ਦਾ ਲਿਆ ਜਾਇਜ਼ਾ
ਸੰਗਰੂਰ / ਲੌਂਗੋਵਾਲ, 21 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੂਨਕ ਨੇੜਲੇ ਪਿੰਡ ਫੂਲਦ ਵਿਖੇ ਘੱਗਰ ਦਰਿਆ ਵਿੱਚ ਪਏ ਪਾੜ
ਨੂੰ ਭਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ।ਡਿਪਟੀ ਕਮਿਸ਼ਨਰ ਘਨਿਸ਼ਆਮ ਥੋਰੀ ਅਤੇ ਐਸ.ਐਸ.ਪੀ ਡਾ. ਸੰਦੀਪ ਗਰਗ, ਜੋ ਕਿ ਪਿਛਲੇ ਦੋ ਦਿਨਾਂ ਤੋਂ ਹੀ ਲਗਾਤਾਰ ਰਾਹਤ ਕਾਰਜ਼ਾਂ ਦੀ ਨਿਗਰਾਨੀ ਕਰ ਰਹੇ ਹਨ, ਵਲੋਂ ਅੱਜ ਪਿੰਡ ਸੁਰਜਨ ਪੈਣੀ, ਭੂੰਦੜ ਪੈਣੀ, ਸਲੇਮਗੜ੍ਹ ਦਾ ਦੌਰਾ ਕਰਕੇ ਪਿੰਡਾਂ ਦੇ ਨਿਵਾਸੀਆਂ ਨਾਲ ਗੱਲਬਾਤ ਕੀਤੀ ਗਈ।ਇਸ ਦੌਰਾਨ ਦੋਵਾਂ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹਰ ਸਥਿਤੀ ‘ਚ ਲੋਕਾਂ ਦੀ ਜਾਨਮਾਲ ਦੀ ਰਾਖੀ ਲਈ ਵਚਨਬੱਧ ਹੈ।ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਪਿੰਡਾਂ ਦੇ ਬਾਹਰਵਾਰ ਸਥਿਤ ਸੜਕਾਂ ਜਿਨ੍ਹਾਂ ਦੇ ਉਤੇ ਖੇਤਾਂ ਦੇ ਰਾਹੀਂ ਪਾਣੀ ਭਰ ਗਿਆ ਸੀ, ਦਾ ਟਰੈਕਟਰ ਦੇ ਰਾਹੀਂ ਜਾਇਜ਼ਾ ਵੀ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਨੌਰੀ ਵਿਖੇ ਘੱਗਰ ਦਰਿਆ ਦੇ ਪੱਧਰ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪਾਣੀ ਦਾ ਪੱਧਰ 750.7 ‘ਤੇ ਪੁੱਜ ਗਿਆ ਸੀ ਜੋ ਕਿ ਹੁਣ ਕਰੀਬ 1 ਫੁੱਟ ਹੇਠਾਂ ਤੱਕ ਆ ਗਿਆ ਹੈ।ਉਨ੍ਹਾਂ ਦੱਸਿਆ ਕਿ ਰਿਹਾਸ਼ੀ ਖੇਤਰ ਸੁਰੱਖਿਅਤ ਹਨ ਅਤੇ ਇੱਕ ਦੋ ਥਾਈਂ ਪਿੰਡਾਂ ਦੇ ਬਾਹਰਵਾੜ ਅੰਦਰੂਨੀ ਸੜਕਾਂ ‘ਤੇ ਖੇਤਾਂ ਰਾਹੀਂ ਪਾਣੀ ਲੰਘ ਰਿਹਾ ਹੈ ਜੋ ਕਿ ਪਿਛਿਓਂ ਪਾਣੀ ਦਾ ਪੱਧਰ ਘੱਟਣ ਨਾਲ ਦੁਰੱਸਤ ਹੋ ਜਾਵੇਗਾ। ਇਸ ਉਪਰੰਤ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਮੋਟਰ ਸਾਈਕਲ ਰਾਹੀਂ ਪਿੰਡ ਫੂਲਦ ਵਿਖੇ ਦਰਿਆ ਦੇ ਵਿੱਚ ਪਾੜ ਨੂੰ ਬੰਦ ਕਰਨ ਦੇ ਲਈ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ।ਉਨ੍ਹਾਂ ਰਾਹਤ ਕਾਰਜਾਂ ‘ਚ ਜੁਟੇ ਭਾਰਤੀ ਫੌਜ਼ ਦੇ ਜਵਾਨਾਂ , ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਪੁਲਿਸ ਤੇ ਪ੍ਰਸ਼ਾਸਨਿਕ ਕਰਮਚਾਰੀਆਂ , ਖਾਲਸਾ ਏਡ ਦੀ ਟੀਮ, ਸਮਾਜ ਸੇਵਕਾਂ, ਪਿੰਡ ਨਿਵਾਸੀਆਂ, ਮਗਨਰੇਗਾ ਵਰਕਰਾਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਖੁਦ ਹਰ ਪਲ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਅਤੇ ਜਿਲ੍ਹਾ ਪ੍ਰਸ਼ਾਸਨ, ਪੰਜਾਬ ਸਰਕਾਰ ਨਾਲ ਲਗਾਤਾਰ ਰਾਬਤਾ ਕਾਇਮ ਰੱਖ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾੜ ਨੂੰ ਬੰਦ ਕਰਨ ਦੇ ਕਾਰਜ ਬਹੁਤ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ ਅਤੇ ਜਲਦੀ ਹੀ ਪਾੜ ਨੂੰ ਬੰਦ ਕਰਵਾ ਲਿਆ ਜਾਵੇਗਾ।ਥੋਰੀ ਨੇ ਐਨ.ਡੀ.ਆਰ.ਐਫ ਅਤੇ ਐਸ.ਡੀ.ਆਰ.ਐਫ ਟੀਮਾਂ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਤੋਂ ਵੀ ਜਾਇਜ਼ਾ ਲਿਆ ਅਤੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਹਰੇਕ ਤਰ੍ਹਾਂ ਦੀ ਰਾਹਤ ਸਮੱਗਰੀ ਦਾ ਮੌਕੇ ਤੇ ਹੀ ਪ੍ਰਬੰਧ ਕਰ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾੜ ਦੇ ਵੱਡੇ ਹਿੱਸੇ ਨੂੰ ਬੰਦ ਕਰਨ ‘ਚ ਸਫਲਤਾ ਹਾਸਿਲ ਹੋ ਚੁੱਕੀ ਹੈ ਅਤੇ ਕਰੀਬ 45 ਤੋਂ 50 ਫੁੱਟ ਦਾ ਪਾੜ ਹੀ ਬਾਕੀ ਰਹਿ ਗਿਆ ਹੈ, ਜਿਸ ਨੂੰ ਕਿ ਸਮੂਹ ਟੀਮਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਜਲਦੀ ਹੀ ਭਰ ਦਿੱਤਾ ਜਾਵੇਗਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media