ਪੁੱਡਾ ਭਵਨ, ਮੁਹਾਲੀ ਵਿੱਚ ਹਰ ਬੁੱਧਵਾਰ ਲੱਗੇਗਾ ਕੈਂਪ – ਕਵਿਤਾ ਸਿੰਘ
ਚੰਡੀਗੜ/ ਐਸ.ਏ.ਐਸ ਨਗਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਕਲੋਨੀਆਂ ਨੂੰ ਰੈਗੂਲਰ ਕਰਾਉਣ ਦੇ ਚਾਹਵਾਨ ਕਲੋਨਾਈਜ਼ਰਾਂ ਦੀ ਮਦਦ ਅਤੇ ਇਸ
ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ ਲਈ ਗਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਿਟੀ (ਗਮਾਡਾ) ਵਲੋਂ ਹਰ ਹਫ਼ਤੇ ਬੁੱਧਵਾਰ ਨੂੰ ਸਵੇਰੇ 11 ਵਜੇ ਪੁੱਡਾ ਭਵਨ ਸੈਕਟਰ-62 ਐਸ.ਏ.ਐਸ. ਨਗਰ ਵਿਚ ਕੈਂਪ ਲਾਏ ਜਾਣਗੇ।
ਪੰਜਾਬ ਦੇ ਕਲੋਨਾਈਜ਼ਰਾਂ ਦੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸਾਰੀਆਂ ਵਿਸ਼ੇਸ਼ ਵਿਕਾਸ ਅਥਾਰਿਟੀਆਂ ਨੂੰ ਹਫ਼ਤਾਵਰੀ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਕਲੋਨਾਈਜ਼ਰਾਂ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਕੱਢਿਆ ਜਾ ਸਕੇ ਅਤੇ ਕਲੋਨੀਆਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ।
ਪ੍ਰੋਮੋਟਰਾਂ ਨੇ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਵਿਭਾਗ ਵਲੋਂ ਨੋਟੀਫਾਈ ਕੀਤੀ ਗਈ ਪਾਲਿਸੀ ਤਹਿਤ ਵੱਡੀ ਗਿਣਤੀ ਕਲੋਨਾਈਜ਼ਰ ਆਪਣੀਆਂ ਕਲੋਨੀਆਂ ਰੈਗੂਲਰ ਕਰਾਉਣੀਆਂ ਚਾਹੁੰਦੇ ਹਨ, ਪਰ ਇਸ ਪਾਲਿਸੀ ਵਿੱਚ ਦਰਜ ਕੁੱਝ ਮੱਦਾਂ ਨੂੰ ਸਮਝਣ ਵਿੱਚ ਉਨਾਂ ਨੂੰ ਔਖ ਆ ਰਹੀ ਹੈ। ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਇਸ ਸਮੱਸਿਆ ਦੇ ਹੱਲ ਲਈ ਸਰਕਾਰੀਆ ਨੇ ਅਧਿਕਾਰੀਆਂ ਨੂੰ ਵਿਸ਼ੇਸ਼ ਵਿਕਾਸ ਅਥਾਰਿਟੀਆਂ ਦੇ ਦਫ਼ਤਰਾਂ ਵਿੱਚ ਹਰ ਹਫ਼ਤੇ ਕੈਂਪ ਲਾਉਣ ਦਾ ਆਦੇਸ਼ ਦਿੱਤਾ।
ਗਮਾਡਾ ਦੇ ਮੁੱਖ ਪ੍ਰਸ਼ਾਸਕ ਕਵਿਤਾ ਸਿੰਘ ਨੇ ਦੱਸਿਆ ਕਿ ਮੰਤਰੀ ਦੇ ਆਦੇਸ਼ਾਂ ਤਹਿਤ ਗਮਾਡਾ ਵਲੋਂ ਹਰੇਕ ਬੁੱਧਵਾਰ ਪੁੱਡਾ ਭਵਨ ਵਿੱਚ ਸਵੇਰੇ 11 ਵਜੇ ਕੈਂਪ ਲਾਇਆ ਜਾਵੇਗਾ।ਕੈਂਪ ਵਿੱਚ ਆਉਣ ਵਾਲੇ ਕਲੋਨਾਈਜ਼ਰਾਂ ਦੀ ਪੂਰੀ ਮਦਦ ਅਤੇ ਮਾਰਗਦਰਸ਼ਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕਲੋਨਾਈਜ਼ਰਾਂ ਦੀ ਐਸੋਸੀਏਸ਼ਨ ਦੀ ਮੰਗ ਉਤੇ ਵਿਭਾਗ ਵਲੋਂ ਕਲੋਨੀਆਂ, ਪਲਾਟਾਂ ਅਤੇ ਇਮਾਰਤਾਂ ਨੂੰ ਰੈਗੂਲਰ ਕਰਾਉਣ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 31 ਅਕਤੂਬਰ, 2019 ਤੱਕ ਵਧਾਈ ਗਈ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media