Saturday, March 7, 2026

ਜਿਲ੍ਹਾ ਸੰਗਰੂਰ ਦੇ ਕਾਸ਼ਤਕਾਰਾਂ ਨੇ ਵਿੱਤੀ ਮਜ਼ਬੂਤੀ ਲਈ ਅਪਣਾਇਆ ‘ਨੀਲੀ ਕ੍ਰਾਂਤੀ’ ਦਾ ਰਾਹ

ਪਿਛਲੇ ਤਿੰਨ ਮਹੀਨਿਆਂ ’ਚ 37.50 ਏਕੜ ਨਵੇਂ ਰਕਬੇ `ਚ ਬਣਾਏ ਮੱਛੀ ਤਲਾਬ
ਸੰਗਰੂਰ/ ਲੌਂਗੋਵਾਲ, 24 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਪੰਜਾਬ ਸਰਕਾਰ ਵਲੋਂ ਖੇਤੀਬਾੜੀ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ PUNJ2407201906ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਜ਼ਿਲ੍ਹਾ ਸੰਗਰੂਰ ’ਚ ਬੂਰ ਪੈਂਦਾ ਨਜ਼ਰ ਆ ਰਿਹਾ ਹੈ।ਮੱਛੀ ਪਾਲਣ ਦੇ ਕਿੱਤੇ ਨੂੰ ਜ਼ਿਲ੍ਹੇ ਦੇ ਨੌਜਵਾਨ ਵਰਗ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਪਿਛਲੇ ਮਹਿਜ਼ ਤਿੰਨ ਮਹੀਨਿਆਂ ਵਿੱਚ ਹੀ ਕਰੀਬ 37.50 ਏਕੜ ਨਵਾਂ ਰਕਬਾ ਮੱਛੀ ਪਾਲਣ ਹੇਠ ਲਿਆਂਦਾ ਜਾ ਚੁੱਕਾ ਹੈ। ‘ਨੀਲੀ ਕ੍ਰਾਂਤੀ’ ਨੂੰ ਵਿੱਤੀ ਮਜ਼ਬੂਤੀ ਲਈ ਅਪਣਾ ਕੇ ਇਹ ਕਾਸ਼ਤਕਾਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਾਸਲ ਕਰ  ਰਹੇ ਹਨ ਅਤੇ ਆਪਣੇ ਵਪਾਰ ਦਾ ਪਾਸਾਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਨ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕਾਸ਼ਤਕਾਰਾਂ ਨੇ ਨਿੱਜੀ ਜ਼ਮੀਨ ਅਤੇ ਪੰਚਾਇਤੀ ਜ਼ਮੀਨ ਵਿੱਚ ਮੱਛੀ ਪਾਲਣ ਦੇ ਤਾਲਾਬਾਂ ਨੂੰ ਵਿਕਸਤ ਕਰਨ ਦਾ ਰੁਝਾਨ ਵਧਾਇਆ ਹੋਇਆ ਹੈ ਅਤੇ ਜ਼ਿਲ੍ਹਾ ਸੰਗਰੂਰ ਦੇ ਦੋਵੇਂ ਸਰਕਾਰੀ ਮੱਛੀ ਪੂੰਗ ਕੇਂਦਰਾਂ ਵਿੱਚੋਂ ਮੱਛੀ ਪੂੰਗ ਲੈਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਮੱਛੀ ਪਾਲਣ ਸੰਗਰੂਰ ਵਿੱਚੋਂ ਤਿੰਨ ਮਹੀਨਿਆਂ ਵਿੱਚ 25 ਲੱਖ ਤੋਂ ਵੱਧ ਪੂੰਗ ਸਪਲਾਈ ਹੋ ਚੁੱਕਾ ਹੈ ਜਦਕਿ ਬੇਨੜਾ ਫਾਰਮ ਵਿੱਚੋਂ 31 ਲੱਖ ਪੂੰਗ ਦੀ ਵਿਕਰੀ ਹੋ ਚੁੱਕੀ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਕਿਸਾਨਾਂ ਨੇ ਖੇਤੀਬਾੜੀ ਦੇ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲਣ ਲਈ ਸਹਾਇਕ ਧੰਦਿਆਂ ਨੂੰ ਵੀ ਤਰਜੀਹ ਦੇਣੀ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਵਿਭਾਗ ’ਚ ਲਗਾਤਾਰ ਲਗਾਏ ਜਾ ਰਹੇ ਸਿਖਲਾਈ ਕੈਂਪ, ਜ਼ਿਲ੍ਹੇ ਦੇ ਬੇਰੁਜ਼ਗਾਰ ਤੇ ਪੜ੍ਹੇ ਲਿਖੇ ਵਰਗ ਨੂੰ ਇਸ ਕਿੱਤੇ ਨਾਲ ਜੋੜਨ ਵਿੱਚ ਸਫ਼ਲ ਸਾਬਤ ਹੋ ਰਹੇ ਹਨ।ਥੋਰੀ ਨੇ ਦੱਸਿਆ ਕਿ ਤਿੰਨ ਮਹੀਨਿਆਂ ਵਿੱਚ ਨਵੇਂ ਮੱਛੀ ਤਲਾਬਾਂ ਦੀ ਪੁਟਾਈ ਅਤੇ ਨਵੀਨੀਕਰਨ ਸਮੇਤ ਯੰਤਰਾਂ ਲਈ ਕਾਸ਼ਤਕਾਰਾਂ ਨੂੰ 6 ਲੱਖ ਰੁਪਏ ਦੀ ਸਬਸਿਡੀ ਵੰਡੀ ਜਾ ਚੁੱਕੀ ਹੈ।

    ਮੱਛੀ ਪਾਲਣ ਵਿਭਾਗ ਦੇ ਮੁੱਖ ਕਾਰਜਕਾਰੀ ਅਫ਼ਸਰ ਰਾਕੇਸ਼ ਕੁਮਾਰ ਅਤੇ ਸਹਾਇਕ ਡਾਇਰੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਅਪ੍ਰੈਲ ਤੋਂ ਹੁਣ ਤੱਕ ਜਿਥੇ 5 ਪਿੰਡਾਂ ਵਿੱਚ ਇੱਕ ਰੋਜ਼ਾ ਕੈਂਪ ਲਗਾਏ ਜਾ ਚੁੱਕੇ ਹਨ ਉਥੇ ਹੀ 137 ਨੌਜਵਾਨਾਂ ਨੂੰ ਪੰਜ ਰੋਜ਼ਾ ਮੁਫ਼ਤ ਸਿਖਲਾਈ ਕੈਂਪ ਦੌਰਾਨ ਮੱਛੀ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾ ਚੁੱਕੀ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply