ਮੀਟਿੰਗ ਨਾ ਸੱਦਣ ਤੋਂ ਹੋਏ ਨਾਰਾਜ਼
ਸਮਰਾਲਾ, 27 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੈਨਸ਼ਨਰਾਂ ਦਾ ਇੱਕ ਵਫ਼ਦ ਪਿਛਲੀ ਇੱਕ ਜੁਲਾਈ ਨੂੰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰ ਸ਼੍ਰੀ ਪ੍ਰੇਮ ਸਾਗਰ ਸ਼ਰਮਾ ਦੀ ਪ੍ਰਧਾਨਗੀ ਹੇਠ ਮਾਨਯੋਗ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਹਨਾਂ ਦੀ ਚੰਡੀਗੜ੍ਹ ਰਿਹਾਇਸ਼ਗਾਹ ਵਿਖੇ ਮੰਗਾਂ ਸਬੰਧੀ ਮਿਲਿਆ ਸੀ । ਮਹਿੰਗਾਈ ਭੱਤਾ 15 ਪ੍ਰਤੀਸ਼ਤ ਦੇ ਹੁਕਮ ਜਾਰੀ ਕਰਨ, 6 ਵੇਂ ਤਨਖ਼ਾਹ ਕਮਿਸ਼ਨ ਤੋਂ ਰਿਪੋਰਟ ਲੈ ਕੇ ਲਾਗੂ ਕਰਨ, ਬੱਝਵਾਂ ਮੈਡੀਕਲ ਭੱਤਾ 2500/- ਰੁਪਏ ਕਰਨ, ਮੈਡੀਕਲ ਪ੍ਰਤੀ ਪੂਰਤੀ ਬਿੱਲਾਂ ਦੀ ਅਦਾਇਗੀ ਕਰਨ ਬਾਰੇ ਵਿਚਾਰ ਚਰਚਾ ਕਰਨ ਉਪਰੰਤ ਉਹਨਾਂ ਨੇ ਛੇਤੀ ਹੀ ਮੀਟਿੰਗ ਸੱਦਣ ਦਾ ਵਾਅਦਾ ਕੀਤਾ ਸੀ ਜੋ ਕਿ ਹੁਣ ਤੱਕ ਪੂਰਾ ਨਹੀਂ ਹੋਇਆ। ਇਸ ਵਾਅਦਾ ਖ਼ਿਲਾਫ਼ੀ ਤੋਂ ਦੁਖੀ ਹੋ ਕੇ ਜੱਥੇਬੰਦੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਲਾਲਾਬਾਦ ਅਤੇ ਫ਼ਗਵਾੜਾ ਵਿਖੇ ਜ਼ਿਮਨੀ ਚੋਣਾਂ ਦੌਰਾਨ ਉਲੀਕੇ ਗਏ ਸੰਘਰਸ਼ ਤੋਂ ਇਲਾਵਾ ਮੁਲਾਜ਼ਮਾਂ ਦੇ ਹਰ ਤਰ੍ਹਾਂ ਦੇ ਸੰਘਰਸ਼ਾਂ ਵਿੱਚ ਵੀ ਪੈਨਸ਼ਨਰ ਸ਼ਮੂਲੀਅਤ ਕਰਨਗੇ। ਯਾਦ ਰਹੇ ਕਿ ਉਪਰੋਕਤ ਥਾਵਾਂ ਤੇ ਭੁੱਖ ਹੜਤਾਲਾਂ ਅਤੇ 9 ਸਤੰਬਰ ਨੂੰ ਫ਼ਗਵਾੜਾ ਅਤੇ 11 ਸਤੰਬਰ ਨੂੰ ਜਲਾਲਾਬਾਦ ਵਿਖੇ ਰੋਸ ਰੈਲੀਆਂ ਕਰਨ ਦਾ ਪ੍ਰੋਗਰਾਮ ਹੈ। ਮੰਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਆਪਣਾ ਕੀਤਾ ਵਾਅਦਾ ਤੁਰੰਤ ਮੀਟਿੰਗ ਸੱਦ ਕੇ ਨਿਭਾਉਣ ਤਾਂ ਜੋ ਇਨਸਾਫ਼ ਮਿਲ ਸਕੇ। ਜੇ ਸੁਣਵਾਈ ਨਾ ਹੋਈ ਤਾਂ ਮੁਲਾਜ਼ਮਾਂ ਨਾਲ ਮਿਲ ਕੇ ਬੁੱਢੇ ਬਾਬੇ ਪੰਜਾਬ ਭਰ ਵਿੱਚ ਖੁੜਦੁੰਬ ਪਾੳਣਗੇ ਅਤੇ ਸਰਕਾਰ ਦੀ ਨੀਂਦ ਹਰਾਮ ਕਰਨਗੇ। ਕਿਸੇ ਅਣਸੁਖਾਵੀਂ ਘਟਨਾ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
Punjab Post Daily Online Newspaper & Print Media