Sunday, June 28, 2026

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਜ਼ਿਲ੍ਹੇ ਦੇ 2.72 ਲੱਖ ਪਰਿਵਾਰਾਂ ਨੂੰ ਮਿਲੇਗਾ – ਥੋਰੀ

ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਗਗਨ ਕੁੰਦਰਾ ਨੇ ਕਾਰਡ ਬਣਾਉਣ ਦੀ ਕੀਤੀ ਸ਼ੁਰੂਆਤ

PUNJ0208201910ਲੌਂਗੋਵਾਲ, 2 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੇਸ਼ ਭਰ ਵਿੱਚ ਯੋਗ ਪਰਿਵਾਰਾਂ ਨੂੰ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਲਾਗੂ ਕੀਤੀ ਜਾਣ ਵਾਲੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਦਾਇਰੇ ਅਧੀਨ ਜ਼ਿਲ੍ਹਾ ਸੰਗਰੂਰ ਦੇ 2 ਲੱਖ 72 ਹਜ਼ਾਰ 163 ਪਰਿਵਾਰਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਮਿਲੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਲਾਗੂ ਹੋਣ ਵਾਲੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਲੋੜਵੰਦ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ ਅਤੇ 20 ਅਗਸਤ ਤੋਂ ਇਸ ਯੋਜਨਾ ਅਧੀਨ ਇਲਾਜ ਦੀ ਸੁਵਿਧਾ ਉਪਲਬਧ ਹੋਵੇਗੀ।
ਇਸ ਯੋਜਨਾ ਦੇ ਰਸਮੀ ਤੌਰ `ਤੇ ਲਾਗੂ ਹੋਣ ਤੋਂ ਪਹਿਲਾਂ ਸਿਵਲ ਹਸਪਤਾਲ ਵਿਖੇ ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਗਗਨ ਕੁੰਦਰਾ ਨੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ ਦੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਲਾਭਪਾਤਰੀਆਂ ਨੂੰ ਦੱਸਿਆ ਕਿ ਕਾਰਡ ਬਣਾਉਣ ਵੇਲੇ ਆਧਾਰ ਕਾਰਡ, ਰਾਸ਼ਨ ਕਾਰਡ, ਵਿਅਕਤੀਗਤ ਪੈਨ ਕਾਰਡ (ਛੋਟੇ ਵਪਾਰੀ) ਪੰਜੀਕ੍ਰਿਤ ਉਸਾਰੀ ਕਾਮੇ ਵਿਭਾਗ ਵਲੋਂ ਜਾਰੀ ਕਾਰਡ ਲਾਜ਼ਮੀ ਨਾਲ ਲੈ ਕੇ ਆਉਣ।
ਯੋਜਨਾ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਯੋਗ ਪਰਿਵਾਰ ਨੂੰ 5 ਲੱਖ ਰੁਪਏ ਦੇ ਸਿਹਤ ਬੀਮਾ ਯੋਜਨਾ ਦੇ ਦਾਇਰੇ ਅਧੀਨ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ 43.13 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਅੰਦਰ ਲਿਆਂਦਾ ਜਾਣਾ ਹੈ ਅਤੇ ਇਸ ਯੋਜਨਾ ਤਹਿਤ 60 ਫ਼ੀਸਦੀ ਕੇਂਦਰ ਅਤੇ 40 ਫ਼ੀਸਦੀ ਪੰਜਾਬ ਸਰਕਾਰ ਵਲੋਂ ਹਿੱਸਾ ਪਾਇਆ ਜਾਵੇਗਾ।ਥੋਰੀ ਨੇ ਦੱਸਿਆ ਕਿ ਆਯੂਸ਼ਮਾਨ ਸਕੀਮ ਤਹਿਤ ਸੂਚੀਬੱਧ (ਇੰਪੈਨਲਡ) ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਅੰਦਰ ਬੀਮਾ ਧਾਰਕ ਲਾਭਪਾਤਰੀ ਦਾ ਨਗਦੀ ਰਹਿਤ ਮੁਫ਼ਤ ਇਲਾਜ ਕੀਤਾ ਜਾਵੇਗਾ।ਜ਼ਿਲ੍ਹਾ ਸੰਗਰੂਰ `ਚ ਇਸ ਯੋਜਨਾ ਦੇ ਦਾਇਰੇ ਅਧੀਨ ਆਉਣ ਵਾਲੇ 2 ਲੱਖ 72 ਹਜ਼ਾਰ 163 ਪਰਿਵਾਰ ਸ਼ਾਮਿਲ ਹੋਣਗੇ, ਜਿਨ੍ਹਾਂ ਵਿੱਚ 99 ਹਜ਼ਾਰ 222 ਪਰਿਵਾਰ ਸਮਾਜਿਕ ਵਿੱਤੀ ਜਾਤੀ ਅਧਾਰਿਤ ਜਨਗਣਨਾ-2011, ਇੱਕ ਲੱਖ 876 ਨੀਲਾ ਕਾਰਡ ਧਾਰਕ ਪਰਿਵਾਰ, 3441 ਛੋਟੇ ਵਪਾਰ ਕਰਨ ਵਾਲੇ, 20 ਹਜ਼ਾਰ 37 ਕਿਰਤੀ ਕਾਮਿਆ ਦੇ ਪਰਿਵਾਰ ਅਤੇ 48 ਹਜਾਰ 587 ਛੋਟੇ ਕਿਸਾਨਾਂ ਦੇ ਪਰਿਵਾਰ ਸ਼ਾਮਿਲ ਹੋਣਗੇ।
 ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ 13 ਸਰਕਾਰੀ ਹਸਪਤਾਲ ਅਤੇ 7 ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ ਅਤੇ ਹੋਰਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸੂਚੀਬੱਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਿਨੇਕਾਰ ਸਰਕਾਰੀ ਹਸਪਤਾਲਾਂ ਜਾਂ ਜ਼ਿਲ੍ਹੇ ਅੰਦਰ ਵੱਖ ਵੱਖ ਥਾਵਾਂ `ਤੇ ਸਥਿਤ ਕਾਮਨ ਸਰਵਿਸ ਸੈਂਟਰਾਂ `ਤੇ ਆਪਣਾ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਅੰਦਰ ਬੀਮਾ ਯੋਜਨਾ ਦੇ ਕਾਰਡ ਮੁਫ਼ਤ ਬਣਾਏ ਜਾਣਗੇ, ਜਦਕਿ ਕਾਮਨ ਸਰਵਿਸ ਸੈਂਟਰਾਂ `ਤੇ 30 ਰੁਪਏ ਫੀਸ ਲੈ ਕੇ ਕਾਰਡ ਬਣਾਉਣ ਦੀ ਸੁਵਿਧਾ ਉਪਲੱਬਧ ਹੈ।ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 104 `ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਾ. ਪ੍ਰੇਮਪਾਲ ਸਿੰਘ ਗਿੱਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਮਿੰਦਰ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਪਾਲ ਸਿੰਘ ਵੀ ਹਾਜ਼ਰ ਸਨ।
 

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply