ਲੌਂਗੋਵਾਲ, 25 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਵੱਲੋਂ ਸਕੂਲੀ ਬੱਚਿਆਂ `ਚ ਡਾਕ ਟਿਕਟਾਂ ਇਕੱਤਰ ਕਰਨ ਦੇ ਸ਼ੌਂਕ ਨੂੰ ਉਤਸ਼ਾਹਿਤ ਕਰਨ ਲਈ `ਦੀਨ ਦਯਾਲ ਸਪਰਸ਼ ਯੋਜਨਾ-ਪੈਨ ਇੰਡੀਆ ਸਕਾਲਰਸ਼ਿਪ ਪ੍ਰੋਗਰਾਮ` 2017 `ਚ ਸੰਚਾਰ ਮੰਤਰਾਲੇ ਸ਼ੁਰੂ ਕੀਤੀ ਗਈ ਸੀ।ਇਸ ਸਪਰਸ਼ (ਸਕਾਲਰਸ਼ਿਪ ਫ਼ਾਰ ਪ੍ਰੋਮੋਸ਼ਨ ਆਫ਼ ਐਪਟੀਟਿਊਡ ਐਂਡ ਰਿਸਰਚ ਇੰਨ ਸਟੈਂਪਸ) ਸਕੀਮ ਦੇ ਅੰਤਰਗਤ ਸਾਰੇ ਪੋਸਟਲ ਸਰਕਲਾਂ ਵਿਚਕਾਰ ਮੁਕਾਬਲਾ ਕਰਵਾ ਕੇ ਛੇਵੀਂ ਤੋਂ ਨੌਵੀਂ ਕਲਾਸ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਸਲਾਨਾ ਵਜ਼ੀਫਾ ਦਿੱਤਾ ਜਾਂਦਾ ਹੈ ਜੋ ਪੜ੍ਹਾਈ ਵਿੱਚ ਵਧੀਆ ਹੋਣ ਦੇ ਨਾਲ-ਨਾਲ ਡਾਕ ਟਿਕਟਾਂ ਵੀ ਸ਼ੌਂਕ ਵਜੋਂ ਇਕੱਤਰ ਕਰ ਰਹੇ ਹੋਣ।
ਸੁਪਰਡੈਂਟ ਡਾਕ ਘਰ, ਸੰਗਰੂਰ ਡਵੀਜ਼ਨ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਸਕੀਮ ਦੇ ਤਹਿਤ ਹੁਣ ਤੱਕ 920 ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਛੇਵੀਂ, ਸੱਤਵੀਂ, ਅੱਠਵੀਂ ਅਤੇ ਨੌਵੀਂ ਤੱਕ ਹਰੇਕ ਕਲਾਸ ਵਿੱਚੋਂ 10 ਵਿਦਿਆਰਥੀ ਭਾਵ ਕੁੱਲ 40 ਵਿਦਿਆਰਥੀ ਵਜ਼ੀਫੇ ਲਈ ਚੁਣੇ ਜਾਂਦੇ ਹਨ।ਹਰੇਕ ਵਿਦਿਆਰਥੀ ਨੂੰ 500 ਰੁਪਏ ਪ੍ਰਤੀ ਮਹੀਨਾ ਭਾਵ 6000 ਰੁਪਏ ਸਲਾਨਾ ਵਜ਼ੀਫਾ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਕਾਲਰਸ਼ਿਪ ਨੂੰ ਲੈਣ ਲਈ ਵਿਦਿਆਰਥੀ ਭਾਰਤ ਦੇ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ `ਚ ਪੜ੍ਹਦਾ ਹੋਣਾ ਚਾਹੀਦਾ ਹੈ ਅਤੇ ਉਸ ਸਕੂਲ ਵਿਚਕਾਰ ਚੱਲਦੇ `ਡਾਕ ਟਿਕਟ ਇਕੱਤਰ ਕਲੱਬ` ਦਾ ਮੈਂਬਰ ਵੀ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਕੂਲ `ਚ `ਡਾਕ ਟਿਕਟ ਇਕੱਤਰ ਕਲੱਬ` ਨਹੀਂ ਹੈ ਤਾਂ ਵਿਦਿਆਰਥੀ ਆਪਣੇ `ਨਿੱਜੀ ਡਾਕ ਟਿਕਟ ਸੰਗ੍ਰਹਿ` ਨੂੰ ਦਿਖਾ ਕੇ ਵੀ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜਿਹੜਾ ਵੀ ਸਕੂਲ ਇਸ ਮੁਕਾਬਲੇ `ਚ ਭਾਗ ਲਵੇਗਾ ਉਸ ਸਕੂਲ ਨੂੰ ਮਸ਼ਹੂਰ ਡਾਕ ਟਿਕਟ ਸੰਗ੍ਰਹਿਕਰਤਾਵਾਂ ਵਿੱਚੋਂ ਕਿਸੇ ਇੱਕ ਨੂੰ ਡਾਕ ਟਿਕਟ ਸਲਾਹਕਾਰ ਚੁਣਨ ਲਈ ਕਿਹਾ ਜਾਵੇਗਾ ਅਤੇ ਉਹ ਸਲਾਹਕਾਰ ਸਕੂਲ `ਚ ਡਾਕ ਟਿਕਟ ਇਕੱਤਰ ਕਲੱਬ ਬਣਾਉਣ `ਚ ਅਤੇ ਵਿਦਿਆਰਥੀਆਂ ਵਿੱਚ ਡਾਕ ਟਿਕਟਾਂ ਇਕੱਤਰ ਕਰਨ ਦੇ ਸ਼ੌਂਕ ਨੂੰ ਉਤਸ਼ਾਹਿਤ ਕਰਵਾਉਣ ਲਈ ਮਦਦ ਕਰੇਗਾ।
ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਅੰਤਰਗਤ ਵਜ਼ੀਫੇ ਲਈ ਵਿਦਿਆਰਥੀਆਂ ਦੀ ਚੋਣ ਉਨ੍ਹਾਂ ਦੁਆਰਾ ਡਾਕ ਟਿਕਟਾਂ ਉੱਪਰ ਕੀਤੇ ਪ੍ਰੋਜੈਕਟ ਕੰਮ ਦੇ ਆਧਾਰ `ਤੇ ਅਤੇ ਡਾਕ ਟਿਕਟਾਂ `ਤੇ ਆਧਾਰਿਤ ਕੁਇਜ਼ ਕੰਪੀਟੀਸ਼ਨ ਵਿੱਚ ਪ੍ਰਦਰਸ਼ਨ ਦੇ ਆਧਾਰ `ਤੇ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ਼ ਸੰਬੰਧਤ ਪੂਰੀ ਜਾਣਕਾਰੀ www.postagestamps.gov.in ਅਤੇwww.indiapost.gov.in `ਤੇ ਉਪਲੱਬਧ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੁਪਰਡੈਂਟ ਆਫ਼ ਪੋਸਟ ਆਫਿਸ ਸੰਗਰੂਰ ਡਵੀਜ਼ਨ ਨਾਲ਼ 01672-234281 ਅਤੇ 01672-234365 `ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media