ਸਬੰਧਤ ਕਾਨੂੰਗੋਆਂ ਨੂੰ ਮੰਗਲਵਾਰ ਤੱਕ ਗਿਰਦਾਵਰੀ ਰਿਪੋਰਟ ਸੌਂਪਣ ਦੀ ਹਦਾਇਤ
ਸੰਗਰੂਰ/ਲੌਂਗੋਵਾਲ, 9 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਮਹੀਨਿਆਂ ਦੌਰਾਨ ਹੋਏ ਭਾਰੀ ਬਾਰਿਸ਼ ਅਤੇ ਮੂਨਕ ਦੇ ਪਿੰਡ ਫੂਲਦ ਵਿਖੇ ਘੱਗਰ
ਦਰਿਆ ਵਿੱਚ ਪਾੜ ਪੈ ਜਾਣ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਸਹੀ ਅਨੁਮਾਨ ਲਗਾਉਣ ਲਈ ਚੱਲ ਰਹੀ ਸਪੈਸ਼ਲ ਗਿਰਦਾਵਰੀ ਦੀ ਪ੍ਰਕਿਰਿਆ ਦੇ ਅੰਤਿਮ ਪੜਾਅ ਦਾ ਐਸ.ਡੀ.ਐਮ ਸੂਬਾ ਸਿੰਘ ਵਲੋਂ ਜਾਇਜ਼ਾ ਲਿਆ ਗਿਆ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਐਸ.ਡੀ.ਐਮ ਸੂਬਾ ਸਿੰਘ ਨੇ ਪਿੰਡ ਫੂਲਦ, ਮਕਰੋੜ ਸਾਹਿਬ, ਮੰਡਵੀ, ਚਾਂਦੂ ਸਮੇਤ ਦਰਜਨ ਦੇ ਕਰੀਬ ਪਿੰਡਾਂ ਦਾ ਆਪਣੀ ਟੀਮ ਸਮੇਤ ਜਾਇਜ਼ਾ ਲਿਆ ਅਤੇ ਪਿੰਡਾਂ ਦੇ ਵਾਸੀਆਂ ਨਾਲ ਜਨਤਕ ਇਕੱਠਾਂ ਦੌਰਾਨ ਗੱਲਬਾਤ ਕੀਤੀ।
ਐਸ.ਡੀ.ਐਮ ਸੂਬਾ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰ੍ਹਾ 9.1 ਬੀ ਦੇ ਤਹਿਤ ਜ਼ਿਲ੍ਹੇ ਵਿੱਚ ਫ਼ਸਲ ਖ਼ਰੀਫ਼ 2019 ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਸਨ ਜਿਸ ਤਹਿਤ ਪਹਿਲਾਂ ਪਟਵਾਰੀਆਂ ਵੱਲੋਂ ਖੇਤ ਮਾਲਕਾਨ, ਕਾਸ਼ਤਕਾਰਾਨ, ਸਰਪੰਚ, ਨੰਬਰਦਾਰ ਦੀ ਹਾਜ਼ਰੀ ਵਿੱਚ ਸਪੈਸ਼ਲ ਗਿਰਦਾਵਰੀ ਕੀਤੀ ਗਈ ਅਤੇ ਪੂਰਾ ਵੇਰਵਾ ਰੋਜ਼ਨਾਮਚਾ ਵਾਕਿਆਤੀ ਵਿੱਚ ਦਰਜ਼ ਕੀਤਾ ਗਿਆ।ਇਸ ਉਪਰੰਤ ਖਰਾਬੇ ਸਬੰਧੀ ਫੀਲਡ ਕਾਨੂੰਗੋ ਅਤੇ ਹਲਕਾ ਮਾਲ ਅਫ਼ਸਰ ਵਲੋਂ 100 ਪ੍ਰਤੀਸ਼ਤ ਪੜਤਾਲ ਕੀਤੀ ਗਈ।
ਪਿੰਡ ਫੂਲਦ ਵਿਖੇ ਹੋਏ ਜਨਤਕ ਇਕੱਠ ਦੌਰਾਨ ਪਿੰਡ ਦੇ ਹੀ ਕੁਝ ਵਸਨੀਕਾਂ ਨੇ ਹਲਕਾ ਪਟਵਾਰੀ ਵਲੋਂ ਕੀਤੀ ਗਿਰਦਾਵਰੀ ਸਬੰਧੀ ਐਸ.ਡੀ.ਐਮ ਕੋਲ ਕੁੱਝ ਇਤਰਾਜ਼ ਲਗਾਏ ਜਿਸ ਸਬੰਧੀ ਐਸ.ਡੀ.ਐਮ ਨੇ ਮੌਕੇ `ਤੇ ਹੀ ਤੱਥਾਂ ਦੀ ਪੜਤਾਲ ਕੀਤੀ ਅਤੇ ਸ਼ਿਕਾਇਤ ਨੂੰ ਮੁੱਖ ਰਖਦਿਆਂ ਫੂਲਦ ਦੀ ਮੁੜ ਗਿਰਦਾਵਰੀ ਕਰਵਾ ਕੇ ਸਬੰਧਤ ਕਾਨੂੰਗੋਆਂ ਨੂੰ ਮੰਗਲਵਾਰ ਸ਼ਾਮ ਤੱਕ ਤਹਿਸੀਲਦਾਰ ਮੂਨਕ ਰਾਹੀਂ ਗਿਰਦਾਵਰੀ ਰਿਪੋਰਟ ਸੌਂਪਣ ਦੀ ਹਦਾਇਤ ਕੀਤੀ।ਐਸ.ਡੀ.ਐਮ ਨੇ ਪਿੰਡਾਂ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਅਧਿਕਾਰੀਆਂ ਦੇ ਪੱਧਰ `ਤੇ ਚਾਰ ਵੱਖ-ਵੱਖ ਪੜਾਵਾਂ ਤਹਿਤ ਪੜਤਾਲ ਕਰਵਾਉਣ ਦਾ ਮੁੱਖ ਮਕਸਦ ਹੈ ਕਿ ਕੋਈ ਵੀ ਪ੍ਰਭਾਵਿਤ ਕਿਸਾਨ ਜਾਂ ਨਾਗਰਿਕ ਸਰਕਾਰ ਕੋਲੋਂ ਮੁਆਵਜ਼ਾ ਲੈਣ ਤੋਂ ਵਾਂਝਾ ਨਾ ਰਹੇ ਅਤੇ ਕੋਈ ਵੀ ਅਯੋਗ ਵਿਅਕਤੀ ਨਜਾਇਜ਼ ਤੌਰ `ਤੇ ਮੁਆਵਜ਼ਾ ਨਾ ਲੈ ਸਕੇ।
ਡਿਪਟੀ ਕਮਿਸ਼ਨਰ ਥੋਰੀ ਨੇ ਕਿਹਾ ਹੈ ਕਿ ਜੇ ਕਿਸੇ ਵੀ ਵਸਨੀਕ ਨੂੰ ਸਪੈਸ਼ਲ ਗਿਰਦਾਵਰੀ ਸਬੰਧੀ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੈਲਪਲਾਈਨ ਨੰਬਰ 01672-232304 `ਤੇ ਸੰਪਰਕ ਕਰਕੇ ਇਸ ਦੀ ਸੂਚਨਾ ਦੇ ਸਕਦਾ ਹੈ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media