Saturday, April 18, 2026

ਪਟਿਆਲਾ ਵਿਕਾਸ ਅਥਾਰਟੀ ਵਲੋਂ ਵੱਖ-ਵੱਖ ਪ੍ਰਾਜੈਕਟਾਂ `ਚ ਐਲ.ਈ.ਡੀ ਲਾਈਟਾਂ ਲਾਉਣ ਦਾ ਕੰਮ ਅਲਾਟ

ਪੀ.ਡੀ.ਏ ਹਰ ਸਾਲ ਬਚਾਏਗੀ ਤਕਰੀਬਨ 38 ਲੱਖ
ਚੰਡੀਗੜ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ) ਵਲੋਂ ਆਪਣੇ ਵੱਖ-ਵੱਖ ਪ੍ਰਾਜੈਕਟਾਂ ਵਿਚ Led Lightsਪੁਰਾਣੀਆਂ ਸਟਰੀਟ ਲਾਈਟਾਂ ਦੀ ਥਾਂ ਐਲ.ਈ.ਡੀ.ਲਾਈਟਾਂ ਲਾਉਣ ਦਾ ਕੰਮ ਅਲਾਟ ਕਰ ਦਿੱਤਾ ਗਿਆ ਹੈ। ਇਹ ਕੰਮ ਇਸੇ ਨਵੰਬਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ ਅਤੇ ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ 1.20 ਕਰੋੜ ਰੁਪਏ ਹੈ।ਇਸ ਕੰਮ ਵਿਚ 5 ਸਾਲਾਂ ਦੀ ਮਿਆਦ ਤੱਕ ਸਟਰੀਟ ਲਾਈਟ ਪੁਆਇੰਟਾਂ ਦਾ ਰੱਖ-ਰਖਾਅ ਵੀ ਸ਼ਾਮਲ ਹੈ।
                     ਕਾਬਲੇਗੌਰ ਹੈ ਕਿ ਪੀ.ਡੀ.ਏ ਵਲੋਂ ਪੁਰਾਣੀਆਂ ਸਟਰੀਟ ਲਾਈਟਾਂ ਦੀ ਥਾਂ ਐਲ.ਈ.ਡੀ ਲਾਈਟਾਂ ਲਾਉਣਾ ਊਰਜਾ ਦੀ ਬੱਚਤ ਵੱਲ ਕੀਤੀ ਇਕ ਹੋਰ ਪਹਿਲਕਦਮੀ ਹੈ।ਇਸ ਤੋਂ ਪਹਿਲਾਂ ਹਾਲ ਹੀ ਵਿਚ ਅਥਾਰਟੀ ਵਲੋਂ ਅਰਬਨ ਅਸਟੇਟ, ਫੇਜ਼-2, ਪਟਿਆਲਾ ਵਿਖੇ ਆਪਣੀ ਇਮਾਰਤ ਦੀ ਛੱਤ ’ਤੇ 90 ਕਿਲੋਵਾਟ ਦੀ ਸਮਰੱਥਾ ਵਾਲਾ ਆਨ-ਗਰਿੱਡ ਸੋਲਰ ਪਾਵਰ ਪਲਾਂਟ ਸਿਸਟਮ ਵੀ ਸਥਾਪਤ ਕੀਤਾ ਗਿਆ ਸੀ।
                  ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਲ.ਈ.ਡੀ ਲਾਈਟਾਂ ਲਾਉਣ ਨਾਲ ਜਿਥੇ ਊਰਜਾ ਦੀ ਬੱਚਤ ਹੋਵੇਗੀ, ਉਥੇ ਰਾਤ ਨੂੰ ਹੁੰਦੇ ਸੜਕ ਹਾਦਸਿਆਂ ਵਿੱਚ ਵੀ ਕਮੀ ਆਵੇਗੀ ਕਿਉਂਕਿ ਇਹਨਾਂ ਲਾਈਟਾਂ ਨਾਲ ਸੜਕਾਂ ‘ਤੇ ਹਨੇਰਾ ਨਹੀਂ ਰਹੇਗਾ।ਇਸ ਕਦਮ ਨਾਲ ਪੀ.ਡੀ.ਏ. ਦੇ ਬਿਜਲੀ ਖਰਚੇ ਵੀ ਘਟਣਗੇ ਕਿਉਂਕਿ ਮੌਜੂਦਾ ਲੱਗੀਆਂ ਹੈਲਾਈਡ, ਸੋਡੀਅਮ ਅਤੇ ਸੀ.ਐਫ.ਐਲ ਲਾਈਟਾਂ ਨਾਲੋਂ ਐਲ.ਈ.ਡੀ ਲਾਈਟਾਂ ਦੀ ਬਿਜਲੀ ਖਪਤ ਬਹੁਤ ਘੱਟ ਹੈ।
               ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਨੇ ਦੱਸਿਆ ਕਿ ਅਰਬਨ ਅਸਟੇਟ ਫੇਜ਼-1, 2 ਅਤੇ 3, ਪੀ.ਆਰ.ਟੀ.ਸੀ ਵਰਕਸ਼ਾਪ, ਸਰਹਿੰਦ ਰੋਡ ਪਟਿਆਲਾ ਵਿਖੇ ਪਹਿਲਾਂ ਲੱਗੀਆਂ ਸਟਰੀਟ ਲਾਈਟਾਂ ਦੀ ਥਾਂ ਐਲ.ਈ.ਡੀ ਲਾਈਟਾਂ ਲਗਾਉਣ ਸਬੰਧੀ ਟੈਂਡਰ ਅਲਾਟ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਪੀ.ਡੀ.ਏ ਹਰ ਸਾਲ ਲਗਭਗ 38 ਲੱਖ ਰੁਪਏ ਬਚਾਏਗੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply