ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਖੁਸ਼ੀ ਦੇ ਮੌਕੇ ਸਜ਼ਾਵਾਂ ਪੂਰੀਆਂ ਕਰ ਚੁਕੇ 22 ਸਿੱਖ ਕੈਦੀਆਂ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 72 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਹੈ।
ਪੋ੍ਰ: ਸਰਚਾਂਦ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ `ਚ ਦਮਦਮੀ ਟਕਸਾਲ ਦੇ ਮੁੱਖੀ ਨੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਮੰਗ ਪੱਤਰ ਲਿਖਦਿਆਂ ਕਿਹਾ ਹੈ ਕਿ ਸਿੱਖ ਕੌਮ ਨੇ ਭਾਰਤ ਦੀ ਅਜ਼ਾਦੀ ਲਈ ਅਹਿਮ ਕੁਰਬਾਨੀਆਂ ਕੀਤੀਆਂ ਹਨ, ਸਿੱਖ ਕੌਮ ਗੁਰੂ ਸਾਹਿਬਾਨ ਵਲੋਂ ਦਰਸਾਏ ਗਏ ਸਰਬਤ ਦੇ ਭਲੇ ਵਾਲੇ ਰਾਹ `ਤੇ ਚਲ ਕੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ। ਗੁਰੂ ਨਾਨਕ ਸਾਹਿਬ ਦਾ 550ਵੇਂ ਪ੍ਰਕਾਸ਼ ਪੁਰਬ ਮੌਕੇ ਵੱਖ ਵੱਖ ਮਾਮਲਿਆਂ `ਚ 12 ਤਾਂ 20-20 ਸਾਲ ਤੋਂ ਵੱਧ ਕੈਦ ਕੱਟ ਚੁਕੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ `ਚ ਕੈਦ 22 ਸਿੱਖ ਕੈਦੀਆਂ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 72 ਤਹਿਤ ਰਾਸ਼ਟਰਪਤੀ ਨੂੰ ਮਿਲੇ ਅਧਿਕਾਰ ਦੀ ਵਰਤੋਂ ਕਰਦਿਆਂ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਜਾਵੇ।
ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਨੂੰ ਗੈਰ ਸੰਵਿਧਾਨਕ ਤੌਰ `ਤੇ ਜੇਲ੍ਹਾਂ ਵਿਚ ਰੱਖ ਕੇ ਦੇਸ਼ ਦੀ ਸਰਕਾਰ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਵਹਾਰ ਕਰਦੀ ਆ ਰਹੀ ਹੈ।ਸਿੱਖ ਕੈਦੀਆਂ ਦੀ ਰਿਹਾਈ ਵਰਗਾ ਠੋਸ ਕਦਮ ਨਿਸ਼ਚੇ ਹੀ ਸਿੱਖ ਕੌਮ ਦੀ ਦੇਸ਼ ਪ੍ਰਤੀ ਵਿਸ਼ਵਾਸ ਬਹਾਲੀ `ਚ ਸਹਾਈ ਸਿੱਧ ਹੋਵੇਗਾ।ਮੰਗ ਪੱਤਰ ਕੀਆਂ ਕਾਪੀਆਂ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਡੀ.ਸੀ ਅਮ੍ਰਿਤਸਰ ਨੂੰ ਵੀ ਭੇਜੀਆਂ ਹਨ।
ਭੇਜੀ ਗਈ ਲਿਸਟ ਵਿਚ ਭਾਈ ਲਾਲ ਸਿੰਘ ਵਾਸੀ ਅਕਾਲਗੜ, ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖਹਿਰਾ, ਭਾਈ ਦਿਆ ਸਿੰਘ ਲਾਹੌਰੀਆ, ਲਖਵਿੰਦਰ ਸਿੰਘ ਲੱਖਾ ਵਾਸੀ ਕਨਸਾਲ, ਭਾਈ ਗੁਰਮੀਤ ਸਿੰਘ ਮੀਤਾ, ਭਾਈ ਸ਼ਮਸ਼ੇਰ ਸਿੰਘ ਉਕਾਸੀ ਜਟਾਂ, ਭਾਈ ਪ੍ਰਮਜੀਤ ਸਿੰਘ ਭਿਓਰਾ, ਭਾਈ ਸੁਬੇਗ ਸਿੰਘ ਸਰੂਨ, ਭਾਈ ਨੰਦ ਸਿੰਘ ਸਰੂਨ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਹਰਨੇਕ ਸਿੰਘ ਭੱਪ, ਭਾਈ ਜਗਤਾਰ ਸਿੰਘ ਤਾਰਾ, ਭਾਈ ਸੁਰਿੰਦਰ ਸਿੰਘ ਛਿੰਦਾ, ਭਾਈ ਸਤਨਾਮ ਸਿੰਘ ਅਰਕਪੁਰ ਖਾਲਸਾ, ਭਾਈ ਦਿਆਲ ਸਿੰਘ ਰਸੂਲਪੁਰ, ਭਾਈ ਸੁੱਚਾ ਸਿੰਘ ਰਸੂਲਪੁਰ ਅਤੇ ਭਾਈ ਬਲਬੀਰ ਸਿੰਘ ਬੀਰਾ, ਅਰਵਿੰਦਰ ਸਿੰਘ ਘੋਗਾ, ਸੁਰਜੀਤ ਸਿੰਘ ਲੱਕੀ ਅਤੇ ਰਣਜੀਤ ਸਿੰਘ ਹਰਿਆਣਾ ਆਦਿ ਕੈਦੀਆਂ ਦੇ ਨਾਮ ਸ਼ਾਮਿਲ ਹਨ।
Check Also
ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …
Punjab Post Daily Online Newspaper & Print Media