ਸਮਰਾਲਾ, 28 ਸਤੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬ ਦੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਨ ਕਰਕੇ ਇਸ ਬੁਢਾਪੇ ਦੀ ਉਮਰੇ ਪੰਜਾਬ
ਸਰਕਾਰ ਨੂੰ ਡੂੰਘੀ ਨੀਂਦ ਵਿਚੋਂ ਉਠਾਉਣ ਲਈ ਚਾਰ ਜਿਮਨੀ ਚੋਣ ਵਾਲੇ ਅਸੈਂਬਲੀ ਹਲਕਿਆਂ ਵਿਚ ਜਾ ਕੇ ਪੈਨਸ਼ਰਾਂ ਵਲੋਂ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ। ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਸਮਰਾਲਾ ਨੇ ਜਾਰੀ ਬਿਆਨ ਕਰਦਿਆਂ ਕਿਹਾ ਹੈ ਕਿ ਇਸੇ ਲੜੀ ਤਹਿਤ ਦਾਖਾ ਵਿਖੇ ਸੈਂਕੜੇ ਸਰਕਾਰੀ ਪੈਨਸ਼ਨਰਾਂ ਨੇ ਅੰਬੇਦਕਰ ਭਵਨ ਨੇੜੇ ਸਵੇਰੇ 10.00 ਵਜੇ 4.00 ਵਜੇ ਤੱਕ ਭੁੱਖ ਹੜਤਾਲ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਕਿਉਂਕਿ ਕੈਪਟਨ ਦੀ ਕਾਂਗਰਸ ਸਰਕਾਰ ਨੇ ਲਗਾਤਾਰ ਮਿਲਦਾ ਆ ਰਿਹਾ ਮਹਿੰਗਾਈ ਭੱਤਾ ਜੋ ਕਿ 25 ਪ੍ਰਤੀਸ਼ਤ ਬਣਦਾ ਹੈ ਦੀ ਅਦਾਇਗੀ ਵੀ ਰੋਕੀ ਹੋਈ ਹੈ ਜਦੋਂ ਕਿ ਕੇਂਦਰ ਸਰਕਾਰ ਅਤੇ ਗੁਆਂਢੀ ਰਾਜਾਂ ਦੀਆਂ ਸਰਕਾਰਾਂ ਨੇ ਦੇ ਦਿੱਤਾ ਹੈ।
ਧਰਨੇ ਵਿੱਚ ਜੁਆਇੰਟ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ, ਪੰਜਾਬ ਰੋਡਵੇਜ਼ ਦੇ ਪੰਜਾਬ ਦੇ ਪ੍ਰਧਾਨ ਦਲਜੀਤ ਸਿੰਘ ਭੁੱਲਰ, ਫਰੰਟ ਮੈਂਬਰ ਲਾਲ ਸਿੰਘ ਢਿੱਲੋਂ ਅਤੇ ਹੋਰ ਆਗੂਆਂ ਨੇ ਮੰਨੀਆਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਨਾ ਕਰਨ ਅਤੇ 6ਵੇਂ ਪੰਜਾਬ ਪੇਅ-ਕਮਿਸ਼ਨ ਤੋਂ ਰਿਪੋਰਟ ਲੈ ਕੇ ਜਾਰੀ ਨਾ ਕਰਨ ਲਾਗੂ ਨਾ ਕਰਨ, ਮੈਡੀਕਲ ਬਿੱਲਾਂ ਦੀ ਅਦਾਇਗੀ ਨਾ ਕਰਨ ਤੇ ਅਫਸੋਸ ਪ੍ਰਗਟ ਕੀਤਾ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਮੀਟਿੰਗ ਦਾ ਸੱਦਾ ਭੇਜ ਕੇ ਉਪਰੋਕਤ ਜਥੇਬੰਦੀ ਨਾਲ ਗੱਲਬਾਤ ਕਰਕੇ ਡੀ.ਆਰ ਦਾ 25 ਪ੍ਰਤੀਸ਼ਤ ਮਹਿੰਗਾਈ ਭੱਤਾ ਦੇ ਕੇ ਬਣਦੇ ਬਕਾਇਆ ਦੀ ਅਦਾਇਗੀ ਕਰੇ।ਜੇਕਰ ਅਜਿਹਾ ਨਾ ਹੋਇਆ ਤਾਂ ਇਹਨਾਂ ਚਾਰੇ ਹਲਕਿਆਂ ਦਾਖਾ, ਜਲਾਲਾਬਾਦ, ਮੁਕੇਰੀਆਂ ਅਤੇ ਫਗਵਾੜਾ ਵਿੱਚ ਰੋਸ ਰੈਲੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਜਨ ਸਿੰਘ ਗਿੱਲ, ਜੋਗਿੰਦਰ ਸਿੰਘ ਸੰਧੂ, ਅਵਤਾਰ ਸਿੰਘ, ਹਰਨੇਕ ਸਿੰਘ ਨੇਕ, ਰਣਵੀਰ ਸਿੰਘ ਗਿੱਲ, ਸੁਖਮਿੰਦਰ ਸਿੰਘ ਬਾਘਾ ਪੁਰਾਣਾ, ਮੁਖਤਿਆਰ ਸਿੰਘ ਜਲਾਲਦੀਵਾਲ, ਪ੍ਰੇਮ ਕੁਮਾਰ ਮੋਗਾ, ਰਾਜਿੰਦਰ ਸਿੰਘ ਲਲਤੋਂ ਆਦਿ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media