1 ਲੱਖ ਰੁਪਏ ਦਾ ਇਨਾਮੀ ਮਾਹਰ ਨਿਸ਼ਾਨਚੀ ਝੁੰਨਾ ਪੰਡਿਤ ਕਤਲ ਦੇ 10 ਕੇਸਾਂ `ਚ ਸੀ ਲੋੜੀਂਦਾ, ਰੱਖਿਆ ਗਿਆ ਸੀ ਇਨਾਮ
ਰੋਪੜ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਰੋਪੜ ਪੁਲੀਸ ਨੇ ਸ਼ੁਕਰਵਾਰ ਨੂੰ ਭਾਰੀ ਜੱਦੋ-ਜਹਿਦ ਅਤੇ ਦੋਵੇਂ ਪਾਸੇ ਦੀ ਗੋਲੀਬਾਰੀ ਤੋਂ
ਬਾਅਦ ਦਿੱਲੀ ਅਤੇ ਉਤਰ ਪ੍ਰਦੇਸ਼ ਦੇ ਅਤਿ ਲੋੜੀਂਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ।ਝੁੰਨਾ ਪੰਡਿਤ ਪਿਛਲੇ ਇੱਕ ਸਾਲ ਦੌਰਾਨ ਰੋਪੜ ਪੁਲਿਸ ਵਲੋਂ ਫੜਿਆ ਗਿਆ 11ਵਾਂ ਗੈਂਗਸਟਰ ਹੈ।
ਰੋਪੜ ਦੇ ਐਸ.ਐਸ.ਪੀ ਸਵੱਪਨ ਸ਼ਰਮਾ ਅਨੁਸਾਰ ਪ੍ਰਕਾਸ਼ ਮਿਸ਼ਰਾ ਉਰਫ਼ ਝੁੰਨਾ ਪੰਡਿਤ ਦੇ ਸਿਰ `ਤੇ 1 ਲੱਖ ਰੁਪਏ ਦਾ ਇਨਾਮ ਸੀ ਅਤੇ ਮਿਰਜ਼ਾਪੁਰ ਯੂ.ਪੀ ਦੇ ਤੀਹਰੇ ਕਤਲ ਕਾਂਡ ਅਤੇ ਯੂ.ਪੀ ਗੈਂਗਸਟਰ ਐਕਟ ਤਹਿਤ 6 ਕੇਸਾਂ ਸਮੇਤ ਕਤਲ ਦੇ 10 ਕੇਸਾਂ ਵਿੱਚ ਲੋੜੀਂਦਾ ਸੀ।ਉੁਹ ਦਿੱਲੀ ਅਤੇ ਯੂ.ਪੀ. ਵਿੱਚ ਕਤਲ, ਜਬਰੀ ਵਸੂਲੀ ਅਤੇ ਅਗਵਾ ਕਰਨ ਦੇ 20 ਤੋਂ ਜ਼ਿਆਦਾ ਮਾਮਲਿਆਂ ਵਿੱਚ ਸ਼ਾਮਲ ਗਿਰੋਹ ਨੂੰ ਚਲਾ ਰਿਹਾ ਹੈ।
ਦਿੱਲੀ, ਯੂ.ਪੀ ਅਤੇ ਰਾਜਸਥਾਨ ਅਧਾਰਤ ਕਈ ਗੈਰ ਸਮਾਜਿਕ ਤੱਤ ਇਸ ਗੈਂਗਸਟਰ ਦੇ ਹਮਾਇਤੀ ਹਨ। ਰੋਪੜ ਪੁਲੀਸ ਦੀ ਸੀ.ਆਈ.ਏ ਟੀਮ ਨੇ ਅੱਜ ਸਵੇਰੇ ਉਸ ਨੂੰ ਫੜ੍ਹਨ ਲਈ ਕੀਤੇ ਮੁਕਾਬਲੇ ਤੋਂ ਬਾਅਦ ਗੈਂਗਸਟਰ ਪਾਸੋਂ 32 ਬੋਰ ਦੇ 2 ਪਿਸਤੌਲ ਤੇ 8 ਅਣਚੱਲੇ ਕਾਰਤੂਸ ਸਮੇਤ ਕਈ ਨਿੱਜੀ ਚੀਜ਼ਾਂ ਬਰਾਮਦ ਕੀਤੀਆਂ ਹਨ।
ਪੰਡਿਤ ਅਤੇ ਉਸ ਦੇ ਸਾਥੀ ਬਨਾਰਸ ਵਿੱਚ ਦਲੀਪ ਪਟੇਲ ਨੂੰ ਸ਼ਰੇ੍ਹੇਆਮ ਕਤਲ ਕਰਨ ਤੋਂ ਬਾਅਦ ਫਰਾਰ ਸਨ। ਦਲੀਪ ਦਾ ਭਰਾ ਰਾਜੇਸ਼ ਪਟੇਲ ਯੂ.ਪੀ ਦੇ ਕਿਸਾਨ ਮੋਰਚਾ ਦਾ ਸੂਬਾ ਪ੍ਰਧਾਨ ਹੈ।
ਝੁੰਨਾ ਪੰਡਿਤ ਗਿਰੋਹ ਦੇ 8 ਮੈਂਬਰ ਦਿੱਲੀ ਅਤੇ ਯੂ.ਪੀ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਇਸ ਗਿਰੋਹ ਵਲੋਂ ਕੀਤੇ ਗਏ ਜ਼ਿਆਦਾਤਰ ਜ਼ੁਰਮ ਸੁਪਾਰੀ-ਹਤਿਆਵਾਂ ਅਤੇ ਅੰਤਰ ਗਰੋਹ ਦੁਸ਼ਮਣੀ ਨਾਲ ਸਬੰਧਤ ਹਨ।
ਐਸ.ਐਸ.ਪੀ ਮੁਤਾਬਕ ਪੰਡਿਤ ਨੂੰ ਇੱਕ ਮਾਹਰ ਨਿਸ਼ਾਨਚੀ ਵਜੋਂ ਜਾਣਿਆ ਜਾਂਦਾ ਹੈ, ਜੋ ਕਿਸੇ ਵੀ ਤਰ੍ਹਾਂ ਦੇ ਹਥਿਆਰ ਨੂੰ ਚਲਾ ਸਕਦਾ ਹੈ ਅਤੇ ਆਪਣੇ ਦੋਵੇਂ ਹੱਥਾਂ ਨਾਲ ਕਿਸੇ ਵੀ ਹਥਿਆਰ ਨਾਲ ਗੋਲੀ ਚਲਾ ਸਕਦਾ ਹੈ। ਉਹ ਯੂ.ਪੀ ਤੋਂ ਭੱਜਣ ਤੋਂ ਬਾਅਦ ਦਿੱਲੀ, ਜੈਪੁਰ ਅਤੇ ਮਾਉਂਟ ਆਬੂ ਵਿਖੇ ਗੁਪਤ ਟਿਕਾਣਿਆਂ `ਤੇ ਲੁਕਿਆ ਹੋਇਆ ਸੀ ਅਤੇ ਚਿੰਤਪੁਰਨੀ (ਹਿਮਾਚਲ ਪ੍ਰਦੇਸ਼) ਤੋਂ ਦਿੱਲੀ ਵਾਪਸ ਆ ਰਿਹਾ ਸੀ।
ਖ਼ਤਰਨਾਕ ਅਪਰਾਧੀ, ਪੰਡਿਤ ਨੇ ਪਹਿਲਾ ਜ਼ੁਰਮ 15 ਸਾਲ ਦੀ ਉਮਰ ਵਿੱਚ ਅਤੇ ਪਹਿਲਾ ਕਤਲ 16 ਸਾਲ ਦੀ ਉਮਰ ਵਿੱਚ ਕੀਤਾ ਸੀ। ਉਸ ਨੂੰ ਦੋਵੇਂ ਵਾਰ 3 ਸਾਲ ਲਈ ਜੁਵੇਨਾਈਲ ਜੇਲ੍ਹ ਵਿੱਚ ਰੱਖਿਆ ਗਿਆ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੇਲ੍ਹ ਵਿੱਚ ਹੁੰਦੇ ਹੋਏ ਵੀ ਉਸ ਨੇ ਜਬਰੀ ਵਸੂਲੀ, ਅਗਵਾ ਦੀਆਂ ਵਾਰਦਾਤਾਂ ਸਮੇਤ 3 ਕਤਲ ਕੀਤੇ ਸਨ। ਦੱਸਣਯੋਗ ਹੈ ਕਿ ਜਦੋਂ ਵੀ ਉਹ ਫਰਾਰ ਹੁੰਦਾ ਸੀ, ਹਵਾਈ ਯਾਤਰਾ ਜ਼ਰੀਏ ਸਫ਼ਰ ਕਰਦਾ ਸੀ।
ਐਸ.ਐਸ.ਪੀ ਅਨੁਸਾਰ ਹਾਲ ਹੀ ਵਿੱਚ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਜ਼ਿਆਦਾਤਰ ਗੈਂਗਸਟਰਾਂ ਅਤੇ ਤਸਕਰੀ ਰੋਕਣ ਵਾਲਿਆਂ ਦਾ ਕੰਮ ਕਰਨ ਦਾ ਢੰਗ ਤਰੀਕਾ ਇੱਕੋ ਜਿਹਾ ਹੈ।ਉਹ ਸਫ਼ਰ ਲਈ ਸਥਾਨਕ ਰਸਤਿਆਂ ਦੀ ਵਰਤੋਂ ਕਰਦੇ ਹਨ ਅਤੇ ਆਮ ਤੌਰ `ਤੇ ਉਨ੍ਹਾਂ ਦੇ ਟਿਕਾਣੇ ਧਾਰਮਿਕ ਸਥਾਨਾਂ ਦੇ ਨਜ਼ਦੀਕ ਹੁੰਦੇ ਹਨ।ਪੁਲੀਸ ਨੂੰ ਇਨ੍ਹਾਂ ਗੈਂਗਸਟਰਾਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਦਾ ਪਤਾ ਲੱਗਣ ਸਦਕਾ ਪਿਛਲੇ ਕੁੱਝ ਮਹੀਨਿਆਂ `ਚ ਪੰਜਾਬ-ਹਿਮਾਚਲ ਸਰਹੱਦ ਨੇੜੇ ਇਨ੍ਹਾਂ ਗੈਰ ਸਮਾਜਿਕ ਤੱਤਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਕਾਫ਼ੀ ਕਮੀ ਆਈ ਹੈ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media