ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਨਿਯਮਾਂ ਅਨੁਸਾਰ ਦਿੱਤੇ ਗਏ ਟੈਂਡਰ
ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ
550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਲਗਾਏ ਜਾਣ ਵਾਲੇ ਵਿਸ਼ਾਲ ਪੰਡਾਲ ਅਤੇ ਹੋਰ ਸੇਵਾਵਾਂ ਲਈ ਦਿੱਤਾ ਗਿਆ ਟੈਂਡਰ ਬਿਲਕੁੱਲ ਨਿਯਮਾਂ ਅਨੁਸਾਰ ਹੈ।ਇਸ ਲਈ ਬਕਾਇਦਾ ਤੌਰ ’ਤੇ ਅਖ਼ਬਾਰਾਂ ਵਿਚ ਇਸ਼ਤਿਹਾਰ ਦੇਣ ਮਗਰੋਂ ਹੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਹੈ।ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਦੇ ਵਿਧਾਇਕਾਂ ਵੱਲੋਂ ਟੈਂਡਰ ਸਬੰਧੀ ਚੁੱਕੇ ਗਏ ਸਵਾਲਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਅਤੇ ਗੁੰਮਰਾਹਕੁੰਨ ਦੱਸਿਆ ਹੈ।
ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਜਾਣਬੁੱਝ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਦੀ ਸਹੂਲਤ ਦੇ ਮੱਦੇਨਜ਼ਰ ਮੁੱਖ ਸਮਾਗਮ ਲਈ ਵਿਸ਼ਾਲ ਪੰਡਾਲ ਦੀ ਵਿਵੱਸਥਾ ਕਰਨ ਸਮੇਤ ਹੋਰ ਕਈ ਕਾਰਜ਼ਾਂ ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਟੈਂਡਰ ਮੰਗੇ ਸਨ।ਇਸ ਸਬੰਧੀ ਮੁਕੰਮਲ ਸ਼ਰਤਾਂ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ’ਤੇ ਪਾਈਆਂ ਗਈਆਂ ਸਨ।ਸ਼੍ਰੋਮਣੀ ਕਮੇਟੀ ਨੂੰ 10 ਫਰਮਾਂ ਵੱਲੋਂ ਕੁਟੇਸ਼ਨਾਂ (ਰੇਟ) ਭੇਜੀਆਂ ਗਈਆਂ, ਜਿੰਨ੍ਹਾਂ ਵਿੱਚੋ ਕੁੱਝ ਕੰਪਨੀਆਂ ਵੱਲੋਂ ਕੇਵਲ ਪੰਡਾਲ ਦਾ ਹੀ ਰੇਟ ਦਿੱਤੇ ਗਏ ਸਨ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਰੀਆਂ ਸੇਵਾਵਾਂ ਲਈ ਟੈਂਡਰ ਮੰਗੇ ਸਨ।ਇਸ ਕਾਰਜ਼ ਲਈ ਬਣਾਈ ਗਈ ਸਬ-ਕਮੇਟੀ ਵੱਲੋਂ ਬਕਾਇਦਾ ਨਿਯਮਾਂ ਅਨੁਸਾਰ ਵੱਖ-ਵੱਖ ਫਰਮਾਂ ਵੱਲੋਂ ਦਿੱਤੀਆਂ ਗਈਆਂ ਪ੍ਰੈਜਨਟੇਸ਼ਨਾਂ ਨੂੰ ਵੇਖਣ ਉਪਰੰਤ ਕਿਊ.ਸੀ.ਬੀ.ਐਸ ਫਾਰਮੂਲੇ ਦੇ ਅਧਾਰ ’ਤੇ ਨੋਇਡਾ ਦੀ ਫਰਮ ਸ਼ੋਅ ਕਰਾਫ਼ਟ ਪ੍ਰੋਡਕਸ਼ਨ ਨੂੰ ਟੈਂਡਰ ਦਿੱਤਾ ਗਿਆ ਹੈ, ਜਿਸ ਵਿੱਚ ਕੋਈ ਵੀ ਬੇਨਿਯਮੀ ਨਹੀਂ ਹੈ।
ਇਸ ਫਰਮ ਵੱਲੋਂ ਵਿਸ਼ਾਲ ਪੰਡਾਲ ਜਰਮਨ ਹੈਂਗਰ ਤਕਨੀਕ ਨਾਲ ਤਿਆਰ ਕੀਤਾ ਜਾਵੇਗਾ, ਜਿਹੜਾ ਏਅਰਕੰਡੀਸ਼ਨਰ ਅਤੇ ਵਾਟਰਪਰੂਫ ਹੋਵੇਗਾ।ਇਸ ਪੰਡਾਲ ਵਿੱੱਚ 3ਡੀ ਐਂਟਰੀ ਗੇਟ, ਚਾਰ ਜੋੜੇਘਰ, 2 ਗਠੜੀ ਘਰ, ਮੀਡੀਆ ਸੈਂਟਰ, 2 ਲੌਂਜ, ਵੀ.ਆਈ.ਪੀ ਟਾਇਲਟ ਬੱਸ, ਸੰਗਤਾਂ ਲਈ ਟਾਇਲਟਸ ਅਤੇ ਵਾਸ਼ਰੂਮ, 10 ਪਕੌਡਾ ਵੀ ਬਣਾਏ ਜਾਣਗੇ।ਇਸੇ ਤਰਾਂ 9 ਨਵੰਬਰ ਤੋਂ 12 ਨਵੰਬਰ ਤੱਕ ਅੰਤਰਰਾਸ਼ਟਰੀ ਸਟੈਂਡਰਡ ਦਾ ਲਾਈਟ ਐਂਡ ਸਾਉਂਡ ਸ਼ੋਅ, ਵੀਡੀਓ ਪ੍ਰੋਜੈਕਸ਼ਨ ਮੈਪਿੰਗ, ਰਸਤਿਆਂ ਦੀ ਸਜ਼ਾਵਟ, ਬੇਬੇ ਨਾਨਕੀ ਨਿਵਾਸ ਤੋਂ ਲੈ ਕੇ ਇੱਕ ਕਿਲੋਮੀਟਰ ਸੜ੍ਹਕ ਵਿੱਚ ਇਲੈਕਟਰੀਕਲ ਲਾਇਟਾਂ ਵਾਲੇ ਗੇਟ ਲਗਾ ਕੇ ਸੁੰਦਰ ਸਜਾਵਟ ਕੀਤੀ ਜਾਵੇਗੀ, ਜਿਸ ਵਿੱਚ ਸੜ੍ਹਕ ਦੇ ਦੋਵੇਂ ਪਾਸੇ ਐਲ.ਈ.ਡੀ ਸਕਰੀਨਾਂ ਲਗਾਈਆ ਜਾਣਗੀਆਂ।ਇਸ ਤੋਂ ਇਲਾਵਾ ਇਸ ਫਰਮ ਵੱਲੋਂ ਈਕੋ ਫਰੈਂਡਲੀ ਆਤਿਸ਼ਬਾਜੀ, ਡਰੋਨ ਐਕਟ ਅਤੇ ਲੇਜਰ ਸ਼ੋਅ ਵੀ ਕੀਤਾ ਜਾਵੇਗਾ।ਲਾਈਟ ਐਂਡ ਸਾਊਂਡ ਅਤੇ ਲੇਜ਼ਰ ਸ਼ੋਅ ਪੰਜ ਦਿਨ ਲਗਾਤਾਰ ਚੱਲਣਗੇ।ਇਸੇ ਤਰ੍ਹਾਂ ਸਜ਼ਾਵਟ ਵੀ ਪੰਜ ਦਿਨਾਂ ਲਈ ਹੋਵੇਗੀ।
ਆਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਧਾਇਕਾਂ ਨੂੰ ਇਸ ਤਰ੍ਹਾਂ ਦੇ ਤਰਕਹੀਣ ਬਿਆਨ ਨਹੀਂ ਦੇਣੇ ਚਾਹੀਦੇ।ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਲਗਾਇਆ ਜਾ ਰਿਹਾ ਪੈਸਾ ਸੰਗਤ ਦਾ ਹੈ ਤਾਂ ਇਹ ਵਿਧਾਇਕ ਦੱਸਣ ਕਿ ਪੰਜਾਬ ਸਰਕਾਰ ਪਾਸ ਪੈਸਾ ਕਿਸ ਦਾ ਆਉਂਦਾ ਹੈ।ਕੀ ਉਹ ਪੈਸਾ ਲੋਕਾਂ ਦਾ ਨਹੀਂ ਹੈ, ਜਾਂ ਇਹ ਵਿਧਾਇਕ ਆਪਣੀ ਜ਼ੇਬ੍ਹ ਵਿੱਚੋਂ ਖ਼ਰਚ ਕਰ ਰਹੇ ਹਨ।ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਹਰ ਕੰਮ ਨਿਯਮਾਂ ਅਨੁਸਾਰ ਕਰਦੀ ਹੈ ਅਤੇ ਕੀਤੇ ਜਾਂਦੇ ਖਰਚਿਆਂ ਦਾ ਬਕਾਇਦਾ ਆਡਿਟ ਹੁੰਦਾ ਹੈ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media