ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ
ਸ਼੍ਰੋਮਣੀ ਕਮੇਟੀ ਵੱਲੋਂ 52 ਕਿਰਤੀਆਂ ਨੂੰ 11-11 ਹਜ਼ਾਰ ਰੁਪਏ ਅਤੇ 52 ਹੋਣਹਾਰ ਲੋੜਵੰਦ ਵਿਦਿਆਰਥੀਆਂ ਨੂੰ 51-51 ਸੌ ਰੁਪਏ ਦੀ ਰਾਸ਼ੀ ਨਾਲ ਨਿਵਾਜ਼ਿਆ ਗਿਆ।ਇਹ ਸਨਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ ਅਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦਿੱਤੇ। ਡਾ. ਰੂਪ ਸਿੰਘ ਨੇ ਦੱਸਿਆ ਕਿ ਚੌਥੇ ਪਾਤਸ਼ਾਹ ਜੀ ਵੱਲੋਂ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਸਮੇਂ 52 ਕਿੱਤਾਕਾਰ ਵਸਾਏ ਸਨ।ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਕਿੱਤਾਕਾਰਾਂ ਦੀ ਕਿਰਤ ਨਾਲ ਸਬੰਧਤ ਬਜ਼ਾਰ ਅੱਜ ਵੀ ਮੌਜੂਦ ਸਨ।ਉਨ੍ਹਾਂ ਕਿਹਾ ਕਿ ਗੁਰਮਤਿ ਦਾ ਸਿਧਾਂਤ ਕਿਰਤੀਆਂ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ।ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬ ਜੀ ਦੇ ਕਿਰਤ ਦੇ ਸਿਧਾਂਤ ਦੀ ਰੌਸ਼ਨੀ ਵਿਚ ਬੀਤੇ ਵਰ੍ਹੇ 52 ਕਿੱਤਾਕਾਰਾਂ ਨੂੰ ਸਨਮਾਨ ਦਿੱਤਾ ਗਿਆ, ਜਦ ਕਿ ਇਸ ਵਾਰ ਵੱਖ-ਵੱਖ ਕਿਰਤੀਆਂ ਦੀ ਚੋਣ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਕਿਰਤੀਆਂ ਵਿਚ ਰਿਕਸ਼ਾ ਚਾਲਕ, ਹੱਥ ਵਾਲੀ ਮਸ਼ੀਨ ਨਾਲ ਸਿਲਾਈ ਦਾ ਕੰਮ ਕਰਨ ਵਾਲੇ, ਮਾਲੀ, ਕੰਘੇ ਬਣਾਉਣ ਵਾਲੇ, ਹਲਵਾਈ, ਪੇਟੀਆਂ ਬਣਾਉਣ ਵਾਲੇ, ਲੱਕੜ ਦਾ ਕੰਮ ਕਰਨ ਵਾਲੇ, ਜੱਦੀ ਪੁਸ਼ਤੀ ਸਾਜ਼ਗਾਰ, ਭੜਭੂੰਜਾ, ਰਾਜ ਮਿਸਤਰੀ, ਲੁਹਾਰ, ਲਲਾਰੀ, ਕੱਢਾਈ ਤੇ ਤਰਪਾਈ ਦਾ ਕੰਮ ਕਰਨ ਵਾਲੇ, ਪੱਲੇਦਾਰ, ਰੇਹੜੀ ਫੜੀ ਵਾਲੇ, ਟਾਂਗਾ ਚਲਾਉਣ ਵਾਲੇ, ਢੋਆ ਢੋਹਾਈ ਆਦਿ ਕੰਮ ਕਰਨ ਵਾਲੇ ਲਏ ਗਏ ਹਨ। ਮੰਤਵ ਕੇਵਲ ਗੁਰਮਤਿ ਦੇ ਕਿਰਤ ਦੇ ਸਿਧਾਂਤ ਨੂੰ ਉਭਾਰਨਾ ਹੈ।
ਇਸ ਮੌਕੇ ਬਲਵਿੰਦਰ ਸਿੰਘ ਜੌੜਾਸਿੰਘਾ, ਸਤਬੀਰ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਭਾਈ ਸੁਰਿੰਦਰਪਾਲ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਇਕਬਾਲ ਸਿੰਘ ਮੁੰਬਈ, ਬੀਬੀ ਪਰਮਜੀਤ ਕੌਰ, ਬੀਬੀ ਦਵਿੰਦਰ ਕੌਰ, ਡਾ. ਅਮਰਜੀਤ ਕੌਰ, ਡਾ. ਰਣਜੀਤ ਕੌਰ ਪੰਨਵਾਂ, ਤੇ ਹੋਰ ਮੌਜੂਦ ਸਨ।
Punjab Post Daily Online Newspaper & Print Media