ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਨ ਸਭਾ ਹਲਕਾ ਪੱਛਮੀ ਵਿੱਚ
ਪੈਂਦੀਆਂ ਵੱਖ-ਵੱਖ ਦਾ ਵਾਰਡਾਂ ਦਾ ਸਵੇਰੇ 7:00 ਵਜੇ ਅਚਨਚੇਤੀ ਨਰੀਖਣ ਕਰਕੇ ਲੋਕਾਂ ਨੂੰ ਪੇਸ਼ ਆ ਰਹੀਆਂ ਸਾਫ-ਸਫਾਈ ਅਤੇ ਨਜਾਇਜ਼ ਕਬਜ਼ਿਆਂ ਸਬੰਧੀ ਸ਼ਿਕਾਇਤਾਂ ਦਾ ਜਾਇਜ਼ਾ ਲਿਆ ਅਤੇ ਜੋਨ ਨੰ. 8 ਵਿਚ ਸਟਾਫ਼ ਦੀ ਹਾਜ਼ਰੀ ਚੈਕ ਕੀਤੀ।ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਵੀ ਉਹਨਾਂ ਦੇ ਨਾਲ ਸਨ।ਉਨਾਂ ਨੇ ਹਲਕੇ ਦੇ ਧਾਰਮਿਕ ਸਥਾਨਾਂ ਡੇਰਾ ਰਾਧਾ ਸਵਾਮੀ, ਕ੍ਰਿਸ਼ਨਾ ਮੰਦਰ, ਗੁਰਦੁਆਰਾ ਛੇਹਰਟਾ ਸਾਹਿਬ ਅਤੇ ਗੁਰਦੁਆਰਾ ਗੁਰੂ ਕੀ ਵਡਾਲੀ ਸਾਹਿਬ ਦੇ ਆਲੇ ਦੁਆਲੇ ਦੀ ਸਾਫ਼-ਸਫਾਈ ਦਾ ਨਰੀਖਣ ਵੀ ਕੀਤਾ।
ਇਸ ਇਲਾਕੇ ਵਿਚ ਸਬਜ਼ੀ ਵੇਚਣ ਵਾਲਿਆਂ ਵੀ ਗੰਦਗੀ ਫੈਲਾਉਣ ਨਾਲ ਪੈਦਸਾ ਹੋਣ ਵਾਲੇ ਡੇਂਗੂ ਮੱਛਰ ਕਾਰਣ ਬਿਮਾਰੀ ਫੈਲਣ ਬਾਬਤ ਮਿਲੀ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਮੇਅਰ ਰਿੰਟੂ ਨੇ ਸਿਹਤ ਅਤੇ ਭੂਮੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੌਕੇ `ਤੇ ਤਲਬ ਕੀਤਾ ਅਤੇ ਹਰੇਕ ਵਾਰਡ ਅਤੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਦੀ ਸਾਫ਼-ਸਫਾਈ ਅਤੇ ਨਜਾਇਜ਼ ਕਬਜ਼ੇ ਖਤਮ ਕਰਨਾ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ।ਇਸ ਤੋਂ ਇਲਾਵਾ ਸਿਵਲ ਸਰਜਨ ਡਾ: ਹਰਦੀਪ ਸਿੰਘ ਘਈ ਨੂੰ ਮੌਕੇ `ਤੇ ਹੀ ਫੋਨ ਕਰਕੇ ਇਲਾਕੇ ਵਿੱਚ ਫੈਲੇ ਡੇਂਗੂ ਮੱਛਰ ਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਆਪ ਚੈਕਿੰਗ ਕਰਨ ਲਈ ਕਿਹਾ।ਉਹਨਾਂ ਨੇ ਧਾਰਮਿਕ ਸਥਾਨਾਂ ਵਿੱਚ ਮੱਥਾ ਵੀ ਟੇਕਿਆ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੰਮਿਤਸਰ ਇੱਕ ਧਾਰਮਿਕ ਤੇ ਇਤਿਹਾਸਕ ਸ਼ਹਿਰ ਹੈ, ਜਿਸ ਦੀ ਪੂਰੀ ਦੁਨੀਆਂ ਵਿੱਚ ਵਿਸ਼ੇਸ਼ ਪਹਿਚਾਣ ਹੈ।ਇਥੇ ਰੋਜ਼ਾਨਾ ਲੱਖਾਂ ਦੀ ਗਿਣਤੀ `ਚ ਆਉਣ ਵਾਲੇ ਸੈਲਾਨੀਆਂ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਦੇ ਹਰ ਇਕ ਕੋਨੇ ਵਿਚੋਂ ਸ਼ਰਧਾਲੂਆਂ ਨੇ ਦਰਸ਼ਨਾਂ ਲਈ ਆਉਣਾ ਹੈ, ਉਨਾਂ ਦੀ ਸਹੂਲਤ ਲਈ ਜੇਕਰ ਅਸੀਂ ਸਾਰੇ ਮਿਲ ਕੇ ਇਸ ਸ਼ਹਿਰ ਨੂੰ ਸਾਫ਼-ਸੁਥਰਾ ਤੇ ਹਰਿਆ ਭਰਿਆ ਅਤੇ ਸੜਕਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਰੱਖਾਂਗੇ ਤਾਂ ਸਾਰੀ ਦੁਨੀਆਂ ਵਿੱਚ ਇਕ ਚੰਗਾ ਸੁਨੇਹਾ ਜਾਵੇਗਾ।ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਅਚਨਚੇਤੀ ਨਰੀਖਣ ਚੱਲਦੇ ਰਹਿਣਗੇ।
ਇਸ ਮੌਕੇ ਰਮਨ ਕੁਮਾਰ ਰੱਮੀ, ਸਤੀਸ਼ ਬੱਲੂ, ਡਾ: ਅਜੈ ਕੰਵਰ ਅਤੇ ਸੈਨੀਟੇਸ਼ਨ ਸਟਾਫ਼, ਸਿਵਲ ਤੇ ਭੂਮੀ ਵਿਭਾਗ ਦੇ ਕਰਮਚਾਰੀ ਮੌਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media