ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਵਲੋਂ ਕਮੇਟੀ ਦੇ ਸਾਬਕਾ ਸਕੱਤਰ ਦੀਆਂ ਦੋ ਵਿਵਾਦਿਤ ਪੁਸਤਕਾਂ “ਸ੍ਰੀ ਗੁਰੂ ਨਾਨਕ ਦੇਵ ਜੀ ਦਾ
ਸੁਲਤਾਨਪੁਰ ਲੋਧੀ’’ ਅਤੇ “ਸਤਿਗੁਰੁ ਨਾਨਕੁ ਪ੍ਰਗਟਿਆ…..’’ ‘ਤੇ ਰੋਕ ਲਾਉਣ ਦੇ ਕੀਤੇ ਗਏ ਫ਼ੈਸਲੇ ਦਾ ਪੰਥਕ ਹਲਕਿਆਂ ‘ਚ ਸਵਾਗਤ ਕੀਤਾ ਜਾ ਰਿਹਾ ਹੈ।ਭਾਈ ਅਜੈਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੰਤ ਚਰਨਜੀਤ ਸਿੰਘ ਜੱਸੋਵਾਲ ਅਤੇ ਪ੍ਰੋ: ਸਰਚਾਂਦ ਸਿੰਘ ਨੇ ਵਿਵਾਦਿਤ ਪੁਸਤਕਾਂ ‘ਤੇ ਰੋਕ ਲਾਉਣ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੀਤੀ ਗਈ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਹੈ।ਉਨਾਂ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਮੁੱਖ ਸਕੱਤਰ ਡਾ: ਰੂਪ ਸਿੰਘ ਵਲੋਂ ਦਿਖਾਈ ਗਈ ਗੰਭੀਰਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਉਕਤ ਪੁਸਤਕਾਂ ਵਿੱਚ ਸਾਬਕਾ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਬਹੁਤ ਹੀ ਬਰੀਕ ਬੁੱਧੀ ਤਹਿਤ ਸਿੱਖ ਮਨਾਂ ਚੋਂ ਪੁਰਾਤਨ ਇਤਿਹਾਸ ਸਬੰਧੀ ਸ਼ੰਕੇ ਪੈਦਾ ਕਰਨ ਦਾ ਯਤਨ ਕੀਤਾ ਸੀ।ਵਿਸ਼ੇਸ਼ ਕਰ ਕੇ ਗੁਰਦੁਆਰਾ ਸੰਤ ਘਾਟ ਦਾ ਜੋ ਇਤਿਹਾਸਕ ਪਖੋਂ ਗੁਰੂ ਨਾਨਕ ਦੇਵ ਜੀ ਵਲੋਂ ਉਥੇ ਮੂਲ-ਮੰਤਰ ਉਚਾਰਨ ਕਰਨ ਪ੍ਰਤੀ ਇਤਿਹਾਸਕ ਰੱਬੀ ਵਰਤਾਰੇ ਨੂੰ ਮਨਫ਼ੀ ਕਰ ਦਿੱਤਾ ਗਿਆ। ਗੁਰੂ ਸਾਹਿਬ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਵੇਈਂ ਪ੍ਰਵੇਸ਼ ਦੇ ਵਰਤਾਰੇ ਉਪਰੰਤ ਮੂਲ ਮੰਤਰ ਦਾ ਉਚਾਰਨ ਕੀਤਾ ਹੋਣ ਬਾਰੇ ਸਥਾਨਕ ਸਰੋਤਾਂ ਦੇ ਪ੍ਰਤੱਖ ਮੌਜੂਦਗੀ ਦੇ ਬਾਵਜ਼ੂਦ ਲੇਖਕ ਵਲੋਂ ਮੂਲ ਮੰਤਰ ਪ੍ਰਤੀ ਸਾਜ਼ਿਸ਼ੀ ਤਰੀਕੇ ਨਾਲ ਚੁਪ ਸਾਧਦਿਆਂ ‘ਨਾ ਕੋ ਹਿੰਦੂ ਨਾ ਮੁਸਲਮਾਨ’ ਦਾ ਵਾਰ-ਵਾਰ ਰਾਗ ਅਲਾਪਿਆ ਗਿਆ। ਅਜਿਹਾ ਕਰਦਿਆਂ ਲੇਖਕ ਨੇ ਸਥਾਨਕ ਸ੍ਰੋਤ ਗੁਰਦੁਆਰਾ ਸੰਤ ਘਾਟ ਸਾਹਿਬ ਦੇ ਚਾਰ ਚੁਫੇਰੇ ਉਕਰਿਆ ਗਿਆ ਮੂਲ ਮੰਤਰ, ਉਸ ਅਸਥਾਨ ‘ਤੇ ਸ਼੍ਰੋਮਣੀ ਕਮੇਟੀ ਵਲੋਂ ਲਗਾਏ ਸੂਚਨਾ ਬੋਰਡਾਂ ‘ਤੇ ਲਿਖਿਆ ਹੋਇਆ ਇਤਿਹਾਸ ਅਤੇ ਪੁਸਤਕ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਵਲੋਂ ਦਿੱਤੇ ਗਏ ਸੰਦੇਸ਼ ਜਿਸ ‘ਚ ਉਥੇ ਮੂਲ-ਮੰਤਰ ਉਚਾਰਨ ਪ੍ਰਤੀ ਦਰਸਾਇਆ ਗਿਆ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵਲੋਂ ਉਥੇ ਉਸਾਰੇ ਜਾ ਰਹੇ ਮੂਲ ਮੰਤਰ ਭਵਨ ਆਦਿ ਪ੍ਰਮਾਣਾਂ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਥ ਵਿੱਚ ਪਹਿਲਾਂ ਹੀ ਗੁਰ ਇਤਿਹਾਸ ਪ੍ਰਤੀ ਅਜਿਹੇ ਕਈ ਸ਼ੰਕੇ ਕੁੱਝ ਪ੍ਰਚਾਰਕਾਂ ਵਲੋਂ ਉਭਾਰੇ ਜਾ ਰਹੇ ਹਨ।ਜੇ ਇਸ ਪ੍ਰਤੀ ਧਿਆਨ ਨਾ ਦਿੱਤਾ ਗਿਆ ਹੁੰਦਾ ਤਾਂ ਆਉਣ ਵਾਲੇ ਸਮੇਂ ‘ਚ ਮੂਲ ਮੰਤਰ ਅਤੇ ਇਸ ਦੇ ਉਚਾਰਨ ਸਥਾਨ ਪ੍ਰਤੀ ਕਈ ਸ਼ੰਕੇ ਉਤਪੰਨ ਹੋਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਸੀ ਜਾ ਸਕਦਾ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media