ਮੈਡੀਕਲ ਟੈਂਟ ਸਿਟੀਆਂ ਵਿੱਚ 2 ਨਵੰਬਰ ਤੋਂ ਹੁਣ ਤੱਕ ਪੁੱਜੇ 5727 ਤੀਰਥ ਯਾਤਰੀ
ਕਪੂਰਥਲਾ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਕਪੂਰਥਲਾ ਵੱਲੋਂ 550 ਸਾਲਾਂ ਪ੍ਰਕਾਸ਼ਉਤਸਵ ਮੌਕੇ ਲੋਕਾਂ ਨੂੰ ਮੈਡੀਕਲ ਸਹੂਲਤ ਤਾਂ ਦਿੱਤੀ ਹੀ
ਜਾ ਰਹੀ ਹੈ ਨਾਲ ਹੀ ਸਿਹਤ ਸਕੀਮਾਂ ਦੀ ਜਾਣਕਾਰੀ ਦੇਣ ਤੇ ਬੀਮਾਰੀਆਂ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਿਹਤ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ।ਨਾਲ ਹੀ ਉਨ੍ਹਾਂ ਕਿਹਾ ਕਿ ਸਿਹਤ ਸਕੀਮਾਂ ਪ੍ਰਤੀ ਤੇ ਵੱਖ ਵੱਖ ਬੀਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕਤਾ ਜਰੂਰੀ ਹੈ ਤਾਂ ਕਿ ਕਈ ਬੀਮਾਰੀਆਂ ਜਿਨ੍ਹਾਂ ਪ੍ਰਤੀ ਲੋਕਾਂ ਵਿੱਚ ਗਲਤ ਧਾਰਨਾਵਾਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ। ਇਸੇ ਸੰਬੰਧ ਵਿੱਚ ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਵੱਲੋਂ ਏਡਜ ਬੀਮਾਰੀ ਦੇ ਕਾਰਣਾਂ, ਲੱਛਣਾਂ ਤੇ ਬਚਾਅ ਸੰਬੰਧੀ ਸੁਲਤਾਨਪੁਰ ਲੋਧੀ ਵਿਖੇ ਵੱਖ ਵੱਖ ਥਾਵਾਂ ਤੇ ਨੁੱੱਕੜ ਨਾਟਕ ਕਰਵਾਏ ਜਾ ਰਹੇ ਹਨ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕਿਹਾ ਕਿ ਏਡਜ ਬੀਮਾਰੀ ਪ੍ਰਤੀ ਲੋਕਾਂ ਵਿੱਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ ਤੇ ਨੁਕੜ ਨਾਟਕ ਜਰੀਏ ਇਨ੍ਹਾਂ ਧਾਰਨਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਇੱਕ ਵਧੀਆ ਉਪਰਾਲਾ ਹੈ।ਇਹੀ ਨਹੀਂ ਹਰ ਟੈਂਟ ਸਿਟੀ ਵਿੱਚ ਸਿਹਤ ਸਕੀਮਾਂ ਨਾਲ ਸੰਬੰਧਤ ਜਾਗਰੂਕਤਾ ਸਮੱਗਰੀ ਡਿਸਪਲੇ ਕੀਤੀ ਗਈ ਹੈ ਅਤੇ ਬਲਾਕ ਐਮਸਟੈਂਸ਼ਨ ਐਜੂਕੇਟਰਾਂ ਵੱਲੋਂ ਲੋਕਾਂ ਨੂੰ ਸਿਹਤ ਸਕੀਮਾਂ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਵੱਖ ਵੱਖ ਟੈਂਟ ਸਿਟੀਜ ਵਿੱਚ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਤੇ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਵੱਲੋਂ ਇੰਸਪੈਕਸ਼ਨ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਕਮੀ ਨੂੰ ਤੁਰੰਤ ਹੀ ਦੂਰ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਪਿਛਲੇ ਦਿਨ੍ਹੀਂ ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਤੋਂ ਆਈ.ਈ.ਸੀ. ਗਤੀਵਿਧੀਆਂ ਦਾ ਜਾਇਜਾ ਲੈਣ ਲਈ ਰੇਖਾ ਬੇਰੀ ਜੁਆਇੰਟ ਡਾਇਰੈਕਟਰ ਆਈ.ਈ.ਸੀ., ਮਨੀਸ਼ ਕੁਮਾਰ ਅਸਿਸਟੈਂਟ ਡਾਇਰੈਕਟਰ ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਕਮ ਸਟੇਟ ਬੀ.ਸੀ.ਸੀ., ਯਾਦਵਿੰਦਰ ਸਿੰਘ ਅਸਿਸਟੈਂਟ ਡਾਇਰੈਕਟਰ ਯੂਵਾ ਮਾਮਲੇ ਨੇ ਟੈਂਟ ਸਿਟੀਆਂ ਵਿੱਚ ਚੱਲ ਰਹੀਆਂ ਆਈ.ਈ.ਸੀ. ਗਤੀਵਿਧੀਆਂ ਦਾ ਜਾਇਜਾ ਲਿਆ।
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ 2 ਨਵੰਬਰ ਤੋਂ 6 ਨਵੰਬਰ ਤੱਕ ਟੈਂਟ ਸਿਟੀ ਵਨ ਵਿੱਚ 4040, ਟੈਂਟ ਸਿਟੀ 2 ਵਿੱਚ 837 ਅਤੇ 3 ਵਿੱਚ 850 ਯਾਨਿ ਕਿ ਕੁੱਲ 5727 ਮਰੀਜਾਂ ਨੂੰ ਲੋੜ ਅਨੁਸਾਰ ਸਿਹਤ ਸਹੂਲਤਾਂ ਮੁਹੱਇਆ ਕਰਵਾਈਆਂ ਗਈਆਂ ਹਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media