ਨਗਰ ਨਿਗਮ ਜਨਰਲ ਹਾਊਸ ਦੇ ਇਜਲਾਸ `ਚ 15 ਮਤੇ ਪਾਸ
ਅੰਮ੍ਰਿਤਸਰ, 10 ਨਵੰਬਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਨੂੰ ਸਮਰਪਿਤ ਨਗਰ ਨਿਗਮ
ਜਨਰਲ ਹਾਊਸ ਦਾ ਇਜ਼ਲਾਸ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ `ਚ ਆਯੋਜਿਤ ਕੀਤਾ ਗਿਆ।ਜਿਸ ਵਿੱਚ ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਐਡੀਸ਼ਨਲ ਕਮਿਸ਼ਨਰ ਸੰਦੀਪ ਰਿਸ਼ੀ ਸਮੇਤ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਕੌਂਸਲਰ ਸ਼ਾਮਲ ਹੋਏ।ਮੀਟਿੰਗ ਦੌਰਾਨ ਸ਼ਹਿਰ ਦੀ ਸਾਫ ਸਫਾਈ ਸਮੇਤ ਸਰਬਸੰਮਤੀ ਨਾਲ 15 ਮਤੇ ਪਾਸ ਕੀਤੇ ਗਏ।ਹਾਊਸ ਦੀ ਮੀਟਿੰਗ ਦੌਰਾਨ ਕੁੱਝ ਨਕ ਝੋਕ ਵੀ ਹੋਈ। ਜਦ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਦੇ ਹੱਕ ਵਿੱਚ ਹੋਰਡਿੰਗ ਲਾਉਣ ਵਾਲੇ ਹਰਪਾਲ ਸਿੰਘ ਨੂੰ ਹਾਊਸ ਵਿੱਚ ਬੋਲਣ ਤੋਂ ਰੋਕ ਦਿੱਤਾ ਗਿਆ, ਕਿਉਂਕਿ ਉਨਾਂ ਦੀ ਪਤਨੀ ਕੌਂਸਲਰ ਹਨ।
ਜਨਰਲ ਹਾਊਸ ਵਲੋਂ ਪਾਸ ਮਤੇ ਰਾਹੀਂ ਫਤਹਿਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰਸਤੇ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੱਕ ਜਾਂਦੀ ਸੜਕ ਦਾ ਨਾਮ ਬਦਲਣ ਦਾ ਫੈਸਲਾ ਕੀਤਾ ਗਿਆ।ਰੇਲਵੇ ਸਟੇਸ਼ਨ ਸਾਹਮਣੇ ਨਹਿਰੀ ਦਫਤਰ ਤੋਂ ਕਸਟਮ ਚੌਕ ਤੱਕ ਐਲਬਰਟ ਰੋਡ, ਅੱਗੇ ਰਤਨ ਸਿੰਘ ਚੌਕ ਤੱਕ ਮਕਬੂਲ ਰੋਡ ਵਜੋਂ ਜਾਣੀ ਜਾਂਦੀ ਇਹ ਸੜਕ ਬਾਈਪਾਸ ਤੱਕ ਫਤਹਿਗੜ ਚੂੜੀਆਂ ਰੋਡ ਕਹਾਉਂਦੀ ਹੈ।ਜਿਸ ਨੂੰ ਹੁਣ ਨਗਰ ਨਿਗਮ ਨੇ ਬਦਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਨਾਮ ਕਰ ਦਿੱਤਾ ਹੈ।ਇਸ ਸੜਕ `ਤੇ ਜਲਦ ਹੀ ਗੁਰੂ ਨਾਨਕ ਮਾਰਗ ਦੇ ਬੋਰਡ ਲਗਾਏ ਜਾਣਗੇ।
ਨਗਰ ਨਿਗਮ ਨੇ ਸਿਟੀ ਸੈਂਟਰ ਸਥਿਤ ਗੁਰੂ ਨਾਨਕ ਆਡੀਟੋਰੀਅਮ ਦੀ ਨਵੀਨੀਕਰਨ ਲਈ 50 ਲੱਖ ਰੁਪਏ ਖਰਚ ਕਰ ਕੇ ਇ ਦੀਆਂ ਸੀਟਾਂ ਬਦਲੀਆਂ ਜਾਣਗੀਆਂ ਅਤੇ ਵਾਸ਼ਰੂਮ ਮੁਰੰਮਤ ਕਰਵਾ ਕੇ ਇਮਾਰਤ ਦਾ ਰੰਗ ਰੋਗਨ ਕਰਵਾਇਆ ਜਾਵੇਗਾ।ਪਾਸ ਕੀਤੇ ਤੀਜੇ ਮਤੇ ਰਾਹੀਂ ਦੋ ਲੱਖ ਦੀ ਰਾਸ਼ੀ ਨਾਲ ਪੰਡਿਤ ਮੋਤੀ ਲਾਲ ਨਹਿਰੂ ਲਾਇਬ੍ਰੇਰੀ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੁਤਸਕਾਂ ਦੀ ਖਰੀਦ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਸਾਫ ਸਫਾਈ ਦੇ ਕੰਮਾਂ ਸਬੰਧੀ ਮਤੇ ਪਾਸ ਕੀਤੇ ਗਏ।ਨਿਗਮ ਦੇ ਓ ਐਂਡ ਐਮ ਵਿਭਾਗ ਲਈ ਸੀਵਰਮੈਨਾਂ ਲਈ ਲੋੜੀਂਦਾ ਸਮਾਨ ਖਰੀਦਣ ਲਈ 19 ਲੱਖ ਰੁਪਏ ਖਰਚ ਕੀਤੇ ਜਾਣਗੇ।ਨੈਸ਼ਨਲ ਗਰਨਿ ਟ੍ਰਿਬਿਊਨਲ ਨਵੀਂ ਦਿੱਲੀ ਦੀਆਂ ਹਦਾਇਤਾਂ `ਤੇ ਕਾਰਪੋਰੇਸ਼ਨ 24.58 ਲੱਖ ਦੀ ਲਾਗਤ ਨਾਲ ਸੀਵਰੇਜ਼ ਟਰੀਟਮੈਂਟ ਪਲਾਂਟਾਂ ਦੀ ਦੇਖ-ਰੇਖ ਲਈ ਆਨਲਾਈਨ ਮੋਨੀਟਰਿੰਗ ਸਿਸਟਮ ਸਥਾਪਿਤ ਕਰੇਗੀ।ਨਗਰ ਨਿਗਮ ਵਲੋਂ ਪੰਜ ਸਕਸ਼ਨ ਮਸ਼ੀਨਾਂ, ਪੰਜ ਜੈਟਿੰਗ ਮਸ਼ੀਨਾਂ, ਦੋ ਸਵੀਪਿੰਗ ਮਸ਼ੀਨਾਂ ਅਤੇ ਮਕੈਨੀਕਲ ਸਵੀਪਿੰਗ ਲਈ 5 ਮਿੰਨੀ ਟਰੱਕ ਸਮਾਰਟ ਸਿਟੀ ਪ੍ਰਾਜੈਕਟ ਫੰਡ ਵਿਚੋਂ ਖਰੀਦੇ ਜਾਣਗੇ।ਇਸੇ ਤਰਾਂ ਪੁਰਾਣੇ ਸ਼ਹਿਰ ਅਤੇ ਹੋਰ ਸਬੰਧਤ ਇਲਾਕਿਆਂ ਤੋਂ ਘਰ-ਘਰ ਜਾ ਕੇ ਕੂੜਾ ਚੁੱਕਣ ਲਈ ਮਸ਼ੀਨਰੀ ਦੀ ਖਰੀਦ ਸਬੰਧੀ ਮਤੇ ਵੀ ਪਾਸ ਕੀਤੇ ਗਏ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media