ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਗੁਰੂ ਨਾਨਕ ਦੇਵ ਜੀ ਦੀਆਂ ਮਨੁੱਖਤਾ ਨੂੰ ਜੋੜਨ ਵਾਲੀਆਂ ਸਿੱਖਿਆਵਾਂ ਦੀ
ਸਖ਼ਤ ਲੋੜ ਹੈ ਤਾਂ ਜੋ ਸਮਾਜ ਵਿੱਚ ਮੁੜ ਕੇ ਲੋਕਾਂ ਦੇ ਜੁੜਨ ਦੀ ਗੱਲ ਤੋਰੀ ਜਾ ਸਕੇ।’
ਇਹ ਵਿਚਾਰ ਇਥੇ ਵਿਰਸਾ ਵਿਹਾਰ ਵਿਖੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਜਿਲਾ ਅੰਮ੍ਰਿਤਸਰ ਇਕਾਈ ਵਲੋਂ ਫ਼ੋਕਲੋਰ ਰਿਸਰਚ ਅਕਾਦਮੀ, ਵਿਰਸਾ ਵਿਹਾਰ ਸੁਸਾਇਟੀ ਅਤੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਕੌਮੀ ਪੱਧਰ ਦੇ ਸੈਮੀਨਾਰ ਵਿੱਚ ਇਹ ਵਿਚਾਰ ਮੁੱਖ ਵਕਤਾ ਵਜੋਂ ਪੁੱਜੇ ਦੇਸ਼ ਦੇ ਉਘੇ ਵਿਦਵਾਨ ਪ੍ਰੋ. ਚੌਥੀ ਰਾਮ ਯਾਦਵ (ਬਨਾਰਸ ਯੂਨੀਵਰਸਿਟੀ) ਨੇ ਪ੍ਰਗਟ ਕੀਤੇ।ਉਹ ਗੁਰੂ ਨਾਨਕ ਬਾਣੀ-ਸਮਕਾਲੀਨ ਸਰੋਕਾਰ ਅਤੇ ਭਗਤੀ ਲਹਿਰ ਦੇ ਵਿਸ਼ੇ ‘ਤੇ ਬੋਲ ਰਹੇ ਸਨ।
ਚੋਥੀ ਰਾਮ ਯਾਦਵ ਨੇ ਕਿਹਾ ਕਿ ਅੱਜ ਦਾ ਬ੍ਰਾਹਮਣਵਾਦ ਦੇਸ਼ ਵਿੱਚ ਫ਼ਾਸ਼ੀਵਾਦ ਵੱਲ ਤੁਰ ਪਿਆ ਹੈ ਅਤੇ ਗਰੀਬ ਲੋਕਾਂ ਦੀਆਂ ਹਤਿਆਵਾਂ ਹੋ ਰਹੀਆਂ ਹਨ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਬੰਦੇ ਦੀ ਪਹਿਚਾਣ ਉਸ ਦੇ ਵਿਚਾਰਾਂ ਤੋਂ ਹੋਣੀ ਚਾਹੀਦੀ ਹੈ, ਉਸ ਦੀ ਜਾਤ ਜਾਂ ਧਰਮ ਤੋਂ ਨਹੀਂ।ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਲੋਕਾਂ ਦੀ ਭਾਸ਼ਾ ਤੇ ਬੋਲੀ ਵਿੱਚ ਬਾਣੀ ਲਿਖੀ ਅਤੇ ਇਕ ਨਵੇਂ ਫ਼ਲਸਫ਼ੇ ਨੂੰ ਜਨਮ ਦਿੱਤਾ।ਉਸ ਸਮੇਂ ਸੰਸਾਰ ਵਿੱਚ ਦੋ ਲੋਕ ਵਿਰੋਧੀ ਧਾਰਾਵਾਂ ਚੱਲ ਰਹੀਆਂ ਸਨ।ਜਿਸ ਖਿਲਾਫ਼ ਬੋਲਣਾ ਤੇ ਲੋਕਾਂ ਨੂੰ ਜਗਾਉਣਾ ਇਕ ਇਨਕਲਾਬੀ ਕਦਮ ਸੀ।ਉਨ੍ਹਾਂ ਨੇ ਗੁਰੂ ਨਾਨਕ ਦੀ ਸੰਵਾਦ ਵਿਧੀ ‘ਤੇ ਗੱਲ ਕਰਦਿਆਂ ਕਿਹਾ ਕਿ ਦਲੀਲ ਨਾਲ ਕਿਸੇ ਦੀ ਗੱਲ ਨਾਲ ਸਹਿਮਤ ਜਾ ਅਸਹਿਮਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਰਾਜਸੀ ਲੋਕ ਗੁਰੂ ਨਾਨਕ ਨੂੰ ਸੱਤਾ ਦੀ ਅਜਮਾਇਸ਼ ਵਰਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।ਇਸ ਲੋਕ ਵਿਰੋਧੀ ਸਿਮਰਤੀ ਦੀ ਸਿਆਸਤ ਨੂੰ ਸਮਝਣਾ ਲੋਕਾਂ ਲਈ ਪ੍ਰਮੁੱਖ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਸਾਧਾਰਣ ਲੋਕਾਂ ਦੀ ਆਸਥਾ ਨੂੰ ਸਮਝਣਾ ਅਤੇ ਅਸਲੀਅਤ ਤੋਂ ਜਾਣੂ ਕਰਵਾਉਣਾ ਵੀ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨੇ ਜਿਥੇ ਅਧਿਆਤਮਕ ਮਸਲਿਆਂ ਨੂੰ ਉਜ਼ਾਗਰ ਕੀਤਾ ਉਥੇ ਉਸ ਸਮੇਂ ਦੇ ਮਨੁੱਖ ਨੂੰ ਦਰਪੇਸ਼ ਨੈਤਿਕ, ਸਮਾਜਿਕ ਅਤੇ ਆਰਥਿਕ ਮਸਲਿਆਂ ਬਾਰੇ ਵੀ ਗੱਲ ਕੀਤੀ।ਖਾਸ ਕਰਕੇ ਔਰਤ ਵਰਗ ਬਾਰੇ ਉਨ੍ਹਾਂ ਪ੍ਰਮੁੱਖਤਾ ਨਾਲ ਇਸ ਦੀ ਹੌਂਦ ਨੂੰ ਬਚਾਉਣ ਦੀ ਗੱਲ ਆਖੀ।ਉਨ੍ਹਾਂ ਕਿਹਾ ਕਿ ਜਦੋਂ ਕੁਦਰਤ ਮਨੁੱਖ ਨਾਲ ਕੋਈ ਵਿਤਕਰਾ ਨਹੀਂ ਕਰਦੀ ਤਾਂ ਰਾਜੇ ਦਾ ਪ੍ਰਬੰਧ ਹੀ ਕਿਉਂ ਗਰੀਬ ਅਤੇ ਨਿਤਾਨੇ ਲੋਕਾਂ ਨਾਲ ਵਿਤਕਰਾ ਕਰਦਾ ਹੈ।
ਮੰਚ ਸਚਾਲਨ ਕਰਦਿਆਂ ਪ੍ਰੋ. ਸੁਰਜੀਤ ਜੱਜ ਜਨਰਲ ਸਕੱਤਰ ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਨੇ ਕਿਹਾ ਕਿ 50 ਸਾਲ ਪਹਿਲਾਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਜਿਸ ਤਰ੍ਹਾਂ ਵਿਦਿਅਕ ਅਦਾਰੇ ਉਸਾਰਨ ਦੀ ਗੱਲ ਸ਼ੁਰੂ ਕੀਤੀ ਸੀ, ਇਸ ਵਾਰ ਇਹ ਦੋਨਾਂ ਦੇ ਏਜੰਡੇ ਤੋਂ ਗਾਇਬ ਕਿਉਂ ਰਹੀਂ? ਪਰ ਸਮਾਂ ਮੰਗ ਕਰਦਾ ਹੈ ਕਿ ਸਿੱਖਿਆ ਸੰਸਥਾਵਾਂ ਨੂੰ ਮੁੜ ਸੰਭਾਲਿਆ ਜਾਵੇ। ਲੇਖਕ ਸੰਘ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਸ ਸਮੇਂ ਗੁਰੂ ਨਾਨਕ ਦੇ ਫਲਸਫ਼ੇ ਦੀ ਬਜਾਏ ਵਪਾਰਕ ਗੱਲਾਂ ਤੇ ਕੰਮਾਂ ਵਿੱਚ ਮਸਤ ਹੋ ਜਾਣਾ ਇਕ ਤਰ੍ਹਾਂ ਗੁਰੂ ਨਾਨਕ ਤੋਂ ਦੂਰੀ ਵੱਲ ਜਾ ਰਹੇ ਕਦਮ ਹੀ ਤਾਂ ਹਨ।
ਇਸ ਮੌਕੇ ਗੁਰਬਾਜ਼ ਸਿੰਘ ਛੀਨਾ ਦੀ ਲਿਖੀ ਪੁਸਤਕ ‘ਕਿਰਤ ਖੁਮਾਰੀ’ ਦਾ ਲੋਕ ਅਰਪਣ ਕੀਤਾ ਗਿਆ।ਜਿਸ ਨੂੰ ਬੁਲਾਰਿਆਂ ਨੇ ਸੱਚੀ ਕਿਰਤ ਦੱਸਿਆ।ਇਸੇ ਦੌਰਾਨ ਜਤਿੰਦਰ ਔਲਖ ਦੀ ਸੰਪਾਦਨਾ ਹੇਠ ਛਪਦੇ ਮੈਗਜ਼ੀਨ ‘ਮੇਘਲਾ’ ਦਾ ਵਿਮੋਚਨ ਵੀ ਕੀਤਾ ਗਿਆ।ਸਭ ਦਾ ਧੰਨਵਾਦ ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਕਮਲ ਗਿੱਲ ਨੇ ਕੀਤਾ।ਅਕਾਦਮੀ ਦੇ ਅਹੁੱਦੇਦਾਰਾਂ ਵਲੋਂ ਚੋਥੀ ਰਾਮ ਯਾਦਵ ਦਾ ਸਨਮਾਨ ਵੀ ਕੀਤਾ ਗਿਆ।
ਹਾਜ਼ਰੀਨ ਵਿੱਚ ਅਮਰਜੀਤ ਆਸਲ, ਧਰਵਿੰਦਰ ਔਲਖ, ਦਸਵਿੰਦਰ ਕੌਰ, ਲਖਬੀਰ ਸਿੰਘ ਨਿਜ਼ਾਮਪੁਰਾ, ਡਾ. ਵਿਕਰਮਜੀਤ, ਇੰਦਰੇਸ਼ਮੀਤ, ਬਲਵਿੰਦਰ ਸਿੰਘ ਦੁਧਾਲਾ, ਗੁਰਦੇਵ ਸਿੰਘ ਮਹਿਲਾਂਵਾਲਾ, ਵਿਜੇ ਮਿਸ਼ਰਾ, ਗੁਰਜਿੰਦਰ ਬਘਿਆੜੀ, ਗੁਰਪ੍ਰੀਤ ਸਿੰਘ ਕਦਗਿਲ, ਟੀ.ਐਸ ਰਾਜਾ, ਕੁਲਵੰਤ ਗਿੱਲ, ਪ੍ਰੋ. ਬਲਦੇਵ ਸਿੰਘ ਵੇਰਕਾ, ਸੁਖਰਾਜ ਸਿੰਘ, ਦਿਲਬਾਗ ਸਿੰਘ, ਹਰਜੀਤ ਸਿੰਘ ਸਰਕਾਰੀਆ, ਕੁਲਵੰਤ ਕਿਰਤ ਪ੍ਰਤਾਪ ਸਿੰਘ, ਸਤਿੰਦਰ ਓਠੀ, ਪ੍ਰੋ. ਸਤਨਾਮ ਸਿੰਘ, ਡਾ. ਪ੍ਰਭਜੋਤ ਕੌਰ, ਸੁਖਦੇਵ ਸਿੰਘ ਸੇਖੋਂ, ਡਾ. ਗੁਲਜ਼ਾਰ ਪੰਧੇਰ, ਜਸਬੀਰ ਸਿੰਘ, ਸਿਮਰਜੀਤ ਕੌਰ, ਬਲਬੀਰ ਮੂਧਲ, ਗੁਰਚਰਨ ਸੰਧੂ ਅਤੇ ਸਤੀਸ਼ ਝੀਂਗਣ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀਆਂ ਤੇ ਨੌਜਵਾਨ ਸ਼ਾਮਲ ਸਨ।
Check Also
ਖਾਲਸਾ ਕਾਲਜ ਵਿਖੇ ‘ਲਿਟ-ਫਿਏਸਟਾ-2026’ ਕਰਵਾਇਆ ਗਿਆ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਨੇ ਮੁਲਕ ਰਾਜ …
Punjab Post Daily Online Newspaper & Print Media