ਲੋਕ ਸੰਪਰਕ ਵਿਭਾਗ ਤੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਵੀ ਸਕੀਮ ਦਾ ਲਾਭ ਸ਼ੁਰੂ
ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਲੋਕਾਂ ਨੂੰ ਕੈਸ਼ਲੈਸ ਇਲਾਜ ਦੇਣ ਲਈ 20 ਅਗਸਤ 2019 ਤੋਂ
ਆਰੰਭੀ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਲੋੜਵੰਦ ਲੋਕਾਂ ਦੇ ਇਲਾਜ ’ਚ ਸਹਾਇਕ ਬਣ ਰਹੀ ਹੈ।ਜ਼ਿਲ੍ਹੇ ’ਚ ਸਕੀਮ ਦੇ ਲਾਗੂ ਹੋਣ ਤੋਂ ਹੁਣ ਤੱ 3021 ਤੋਂ ਵਧੇਰੇ ਮਰੀਜ਼ਾਂ ਨੇ ਸਰਕਾਰੀ ਹਸਪਤਾਲਾਂ ਅਤੇ 3399 ਤੋਂ ਵਧੇਰੇ ਮਰੀਜ਼ਾਂ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾਇਆ ਹੈ।ਇਸ ਸਕੀਮ ਤਹਿਤ ਸਮਾਜਿਕ ਤੇ ਆਰਥਿਕ ਸਰਵੇਖਣ 2011 ਤਹਿਤ ਕਵਰ ਹੁੰਦੇ ਪਰਿਵਾਰ, ਜੇ ਫ਼ਾਰਮ ਹਾਸਲ ਕਰਨ ਵਾਲੇ ਕਿਸਾਨ, ਨੀਲੇ ਕਾਰਡ ਧਾਰਕ ਪਰਿਵਾਰ, ਪੰਜਾਬ ਇਮਾਰਤੀ ਤੇ ਹੋਰ ਉਸਾਰੀ ਕਾਮੇ ਬੋਰਡ ਨਾਲ ਰਜਿਸਟਰਡ ਮਜ਼ਦੂਰ, ਕਰ ਰਾਹਤ ਸਕੀਮ ਤਹਿਤ ਰਜਿਸਟਰਡ ਛੋਟੇ ਵਪਾਰੀ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨਾਲ ਸਬੰਧਤ ਪੱਤਰਕਾਰ ਸ਼ਾਮਿਲ ਕੀਤੇ ਗਏ ਹਨ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋ ਨੇ ਦਿੰਦਿਆਂ ਦੱਸਿਆ ਕਿ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਇਸ ਸਕੀਮ ਤਹਿਤ ਜਿਹੜੇ 124 ਮੈਡੀਕਲ ਟ੍ਰੀਟਮੈਂਟ ਪੈਕੇਜ ਸਰਕਾਰੀ ਹਸਪਤਾਲਾਂ ਨਾਲ ਸਬੰਧਤ ਹਨ, ਉਨ੍ਹਾਂ ਸਬੰਧੀ ਜ਼ਿਲ੍ਹੇ ਦੇ ਕਾਰਡ ਧਾਰਕ ਲੋਕਾਂ ਨੂੰ ਜਾਗਰੂਕ ਕਰਨ ਲਈ ਆਂਗਨਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੀ ਜ਼ਿੰਮੇਂਵਾਰੀ ਲਾਈ ਗਈ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ’ਚ ਜੇਕਰ ਕਿਸੇ ਵੀ ਸਰਬਤ ਸਿਹਤ ਬੀਮਾ ਯੋਜਨਾ ਕਾਰਡ ਧਾਰਕ ਨੂੰ ਇਲਾਜ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਇਸ ਸਬੰਧੀ ਸਿਹਤ ਵਿਭਾਗ ਦੇ ਟੋਲ ਫ੍ਰੀ ਨੰਬਰ 104 ’ਤੇ ਸੰਪਰਕ ਕਰਨ ਤੋਂ ਇਲਾਵਾ ਉਸ ਪਿੰਡ ਨਾਲ ਸਬੰਧਤ ਆਸ਼ਾ ਵਰਕਰ ਜਾਂ ਆਂਗਨਵਾੜੀ ਵਰਕਰ ਪਾਸੋਂ ਵੀ ਜਾਣਕਾਰੀ ਹਾਸਲ ਕਰ ਸਕਦਾ ਹੈ।
ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੋਹਲ ਨੇ ਦੱਸਿਆ ਕਿ ਇਸ ਇਲਾਜ ਸਕੀਮ ਤਹਿਤ ਕੁੱਲ 1396 ਮੈਡੀਕਲ ਪੈਕੇਜ ਬਣਾਏ ਗਏ ਹਨ, ਜਿਨ੍ਹਾਂ ’ਚੋਂ 124 ਸਰਕਾਰੀ ਹਸਪਤਾਲਾਂ ਨਾਲ ਸਬੰਧਤ ਹਨ।ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ’ਚ ਜਿਨ੍ਹਾਂ ਬਿਮਾਰੀਆਂ ਦਾ ਇਲਾਜ ਇਸ ਸਕੀਮ ਤਹਿਤ ਕੀਤਾ ਜਾਂਦਾ ਹੈ, ਉਨ੍ਹਾਂ ’ਚ ਔਰਤਾਂ ਦੇ ਰੋਗਾਂ ਨਾਲ ਸਬੰਧਤ ਸਾਰੀਆਂ ਬਿਮਾਰੀਆਂ, ਪ੍ਰਸੂਤਾ (ਡਲਿਵਰੀ), ਮਨੋ ਰੋਗਾਂ ਨਾਲ ਸਬੰਧਤ ਬਿਮਾਰੀਆਂ, ਜਨਰਲ ਸਰਜਰੀ ਜਿਵੇਂ ਪਿੱਤੇ ਦੀ ਪੱਥਰੀ, ਹਰਨੀਆਂ, ਗੋਡਿਆਂ ਦੀ ਸਰਜਰੀ, ਹੋਰ ਅਜਿਹੀ ਸਰਜਰੀ ਜਿਸ ਲਈ ਐਮਰਜੈਂਸੀ ਦਾਖਲੇ ਦੀ ਲੋੜ ਨਾ ਹੋਵੇ, ਕੰਨ ਤੇ ਨੱਕ ਨਾਲ ਸਬੰਧਤ ਸਰਜਰੀ, ਚਿੱਟਾ ਤੇ ਕਾਲਾ ਮੋਤੀਆ ਆਦਿ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਐਕਸੀਡੈਂਟ ਨਾਲ ਸਬੰਧਤ ਮਰੀਜ਼ ਜਾਂ ਹੋਰ ਐਮਰਜੈਂਸੀ ਨਾਲ ਸਬੰਧਤ ਮਰੀਜ਼ ਸਿੱਧੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਲਈ ਲਿਜਾਏ ਜਾ ਸਕਦੇ ਹਨ।ਇਨ੍ਹਾਂ ’ਚ ਦਿਲ ਦੀਆਂ ਬਿਮਾਰੀਆਂ ਨਾਲ ਸਬੰਧਤ ਐਮਰਜੈਂਸੀ ਵੀ ਸ਼ਾਮਿਲ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਰਕਾਰੀ ਹਸਪਤਾਲਾਂ ਨਾਲ ਸਬੰਧਤ ਮੈਡੀਕਲ ਟ੍ਰੀਟਮੈਂਟ ਪੈਕੇਜਾਂ ਸਬੰਧੀ ਕਾਰਡ ਧਾਰਕਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਉਣ ਦੇਣ ਸਬੰਧੀ ਮਾਹਿਰ ਡਾਕਟਰਾਂ ਨੂੰ ‘ਹਾਇਰ’ ਕਰਨ ਦੀ ਤਜ਼ਵੀਜ਼ ਬਣਾਈ ਜਾ ਰਹੀ ਹੈ।ਇਹ ਡਾਕਟਰ ਸਰਕਾਰੀ ਹਸਪਤਾਲਾਂ ’ਚ ਹੀ ਲੋਕਾਂ ਦਾ ਇਲਾਜ ਕਰਨਗੇ।ਜ਼ਿਲ੍ਹਾ ਕੋਆਰਡੀਨੇਟਰ ਅਨੁਸਾਰ ਸਕੀਮ ਨਾਲ ਜੁੜਨ ਲਈ ਲੋਕ ਉਕਤ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਵਾ ਪਿੰਡਾਂ ’ਚ ਚੱਲ ਰਹੇ ਗ੍ਰਾਮ ਸੁਵਿਧਾ ਸੈਂਟਰਾਂ (ਸੀ.ਐਸ.ਸੀ) ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਹੁਣ ਤੱਕ ਜ਼ਿਲ੍ਹੇ ’ਚ 305082 ਕਾਰਡ ਜਾਰੀ ਹੋ ਚੁੱਕੇ ਹਨ।
Punjab Post Daily Online Newspaper & Print Media