ਲੌਂਗੋਵਾਲ, 15 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ: ਸੁਤੰਤਰ ਕੁਮਾਰ ਐਰੀ ਦੀ
ਅਗਵਾਈ ਹੇਠ ਖੇਤੀਬਾੜੀ ਮਾਹਿਰਾਂ ਦੀ ਟੀਮ ਸਮੇਤ ਡਾ: ਜਗਤਾਰ ਸਿੰਘ ਬਰਾੜ, ਸੰਯੁਕਤ ਡਾਇਰੈਕਟਰ ਖੇਤੀਬਾੜੀ ਇਨਪੁਟਸ, ਡਾ: ਪਰਮਿੰਦਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਸੀ.ਸੀ), ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ: ਗੁਰਸਾਹਿਬ ਸਿੰਘ, ਐਡੀਸ਼ਨਲ ਡਾਇਰੈਕਟਰ ਰਿਸਰਚ, ਡਾ: ਕੇ.ਐਸ ਸੂਰੀ, ਡਾ: ਬੇਅੰਤ ਸਿੰਘ, ਡਾ: ਮਨਦੀਪ ਸਿੰਘ ਅਤੇ ਡਾ: ਬੂਟਾ ਸਿੰਘ ਰੋਮਾਣਾ ਵਲੋਂ ਜਿਲ੍ਹਾ ਸੰਗਰੂਰ ਦੇ ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਦੇ ਹੋਏ ਹਮਲੇ ਸਬੰਧੀ ਪ੍ਰਭਾਵਿਤ ਪਿੰਡਾਂ ਕਰਤਾਰਪੁਰਾ, ਨਾਨਕਪੁਰ, ਥਲੇਸਾਂ, ਸੇਰੋ ਅਤੇ ਸਾਹਪੁਰ ਕਲਾਂ ਦਾ ਦੋਰਾ ਕੀਤਾ ਗਿਆ।ਡਾ: ਸੁਤੰਤਰ ਕੁਮਾਰ ਐਰੀ ਨੇ ਨਿਰੀਖਣ ਉਪਰੰਤ ਦੱਸਿਆ ਕਿ ਗੁਲਾਬੀ ਅਤੇ ਸੈਨਿਕ ਸੁੰਡੀ ਦਾ ਹਮਲਾ ਸਾਰੇ ਤਰ੍ਹਾਂ ਜਿਵੇ ਕਿ ਆਮ ਪ੍ਰਚਲਿਤ ਵਿਧੀ, ਹੈਪੀ ਸੀਡਰ, ਮਲਚਰ ਆਦਿ ਨਾਲ ਬੀਜ਼ੀ ਗਈ ਕਣਕ ਵਿੱਚ ਦੇਖਣ ਨੂੰ ਮਿਲਾ ਰਿਹਾ ਹੈ ਅਤੇ ਇਸ ਤੋ ਇਲਾਵਾ ਜੋ ਕਣਕ ਦੀ ਬਿਜਾਈ ਅਕਤੂਬਰ ਮਹੀਨੇ ਵਿਚ ਕੀਤੀ ਗਈ ਹੈ, ਉਥੇ ਵੀ ਕੀੜੇ ਦਾ ਹਮਲਾ ਜਿਆਦਾ ਹੋਇਆ ਹੈ ਅਤੇ ਇਸ ਹਮਲੇ ਦਾ ਲਗਾਤਾਰ ਵਧਣ ਦਾ ਕਾਰਨ ਨਵੰਬਰ ਮਹੀਨੇ ਦੋਰਾਨ ਦਿਨ ਸਮੇਂ ਦਾ ਤਾਪਮਾਨ ਲਗਾਤਾਰ ਜਿਆਦਾ ਹੋਣਾ ਹੈ।ਇਸ ਸਮੇਂ ਡਾ: ਜਗਤਾਰ ਸਿੰਘ ਬਰਾੜ ਜੇ.ਡੀ.ਏ ਪੰਜਾਬ ਨੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਮਹੱਤਵਪੂਰਨ ਨੁਕਤਿਆਂ ‘ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਜਿਥੇ ਖਾਦਾਂ ਦੀ ਸੰਤੁਲਿਤ ਵਰਤੋਂ ਕੀਤੀ ਜਾ ਰਹੀਂ ਹੈ, ਉਥੇ ਕੀੜੇ ਦਾ ਹਮਲਾ ਘੱਟ ਹੋਇਆ ਹੈ।
ਡਾ: ਪਰਮਿੰਦਰ ਸਿੰਘ ਜੇ.ਡੀ.ਏ ਪੰਜਾਬ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਉਣੀ ਦੋਰਾਨ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਹੀ ਕਾਸ਼ਤ ਕਰਨ ਤਾਂ ਜੋ ਝੋਨੇ ਦੀ ਕਟਾਈ ਤੋ ਬਾਅਦ ਕਣਕ ਦੀ ਬਿਜ਼ਾਈ ਲਈ ਢੁੱਕਵਾਂ ਸਮਾਂ ਮਿਲ ਸਕੇ।ਇਸ ਸਬੰਧ ਵਿੱਚ ਡਾ: ਜਸਵਿੰਦਰ ਪਾਲ ਸਿੰਘ ਗਰੇਵਾਲ, ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਨੇ ਦੱਸਿਆ ਕਿ ਉਕਤ ਕੀੜੇ ਦੀ ਰੋਕਥਾਮ ਲਈ ਕਿਸਾਨਾਂ ਨੂੰ ਲਗਾਤਾਰ ਜਿਥੇ ਆਪਣੀ ਫਸਲ ਦੇ ਨਿਰੀਖਣ ਸਬੰਧੀ ਦੱਸਿਆ ਜਾ ਰਿਹਾ ਹੈ, ਉਸ ਦੇ ਨਾਲ ਹੀ ਕੀੜੇ ਦੀ ਰੋਕਥਾਮ ਲਈ ਕੀਟਨਾਸ਼ਕ ਦਵਾਈਆਂ ਜਿਵੇਂ ਕਿ ਕੁਇਨਲਫਾਸ 800 ਐਮ.ਐਲ ਅਤੇ ਕਲੋਰਪਾਈਰੀਫਾਸ 20% ਇਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਸਪਰੇ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀਂ ਹੈ।ਉਨ੍ਹਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਕਣਕ ਦੀ ਫਸਲ ਦੀ ਲਗਾਤਾਰ ਨਿਗਰਾਨੀ ਤੇ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਕਿਤੇ ਵੀ ਸੁੰਡੀ ਦਾ ਹਮਲਾ ਨਜ਼ਰ ਆਉਦਾ ਹੈ ਤਾਂ ਤੁਰੰਤ ਸਬੰਧਤ ਬਲਾਕ ਖੇਤੀਬਾੜੀ ਅਫਸਰ ਦਫਤਰ ਨਾਲ ਤਾਲਮੇਲ ਕਰਕੇ ਸਿਫਾਰਸ਼ਸ਼ੁਦਾ ਜਹਿਰਾਂ ਦੀ ਵਰਤੋਂ ਕਰਕੇ ਇਸ ਦੀ ਰੋਕਥਾਮ ਕਰਨ।ਇਸ ਸਮੇਂ ਬਲਾਕ ਖੇਤੀਬਾੜੀ ਅਫਸਰ ਡਾ: ਹਰਬੰਸ ਸਿੰਘ, ਡਾ: ਵਰਿੰਦਰ ਸਿੰਘ ਅਤੇ ਡਾ: ਜਸਵਿੰਦਰ ਸਿੰਘ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media