ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ 21 ਦਸੰਬਰ, 2019 ਨੂੰ ਸਲਾਨਾ ਇਨਾਮ ਵੰਡ
ਸਮਾਰੋਹ ਮੌਕੇ ਵਿਸ਼ਾਲ ਸਮਾਗਮ ‘ਨਵਰੰਗ’ ਦਾ ਆਯੋਜਨ ਪ੍ਰਿੰ. ਡਾ. ਅੰਜਨਾ ਗੁਪਤਾ ਦੇ ਨਿਰਦੇਸ਼ਨ ਅਧੀਨ ਕੀਤਾ ਗਿਆ।ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਡਾ. ਸੁਖਚੈਨ ਸਿੰਘ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਫ਼ਸਰ ਡਾ. ਨੀਲਮ ਕਾਮਰਾ, ਪ੍ਰਬੰਧਕ ਡਾ. ਰਾਜੇਸ਼ ਕੁਮਾਰ ਅਤੇ ਡੀ.ਏ.ਵੀ ਸੀ.ਐਮ.ਸੀ ਮੈਂਬਰ ਸ੍ਰੀਮਤੀ ਨਿਰਮਲ ਗੁਪਤਾ ਵੀ ਵਿਸ਼ੇਸ਼ ਤੌਰ ‘ਤੇ ਪੁੱਜੇੇ।ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਮਹਿਮਾਨਾਂ ਨੂੰ ਪੌਦੇ ਦੇ ਕੇ ‘ਜੀ ਆਇਆ’ ਆਖਿਆ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਸਮਾਰੋਹ ਦਾ ਸ਼ੁੱਭ ਅਰੰਭ ਗਿਆਨ ਦੇ ਚਾਨਣ ਦਾ ਪ੍ਰਤੀਕ ਪਵਿੱਤਰ ਜੋਤ ਜਗਾ ਕੇ ਕੀਤਾ ਗਿਆ।ਡਾ. ਅੰਜਨਾ ਗੁਪਤਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਸੰਸਕ੍ਰਿਤਕ ਗਤੀਵਿਧਿਆਂ ਵਿੱਚ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਅਹਿਮ ਉਪਲੱਬਧੀਆਂ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਨੇ ਆਖਿਆ ਕਿ ਸਕੂਲ ਦਾ ਮੁੱਖ ਮਕਸਦ ਵਿਦਿਆਥੀਆਂ ਦਾ ਸਰਵ-ਪੱਖੀ ਵਿਕਾਸ ਕਰਨਾ ਹੈ।ਸਿੱਖਿਆ ਵਿਦਿਆਰਥੀਆਂ ਨੂੰ ਸਵੈ-ਅਧਿਐਨ ਤੋਂ ਵਿਸ਼ਵ ਖੋਜ਼ ਤੱਕ ਪਹੁੰਚਣ ਦੇ ਯੋਗ ਬਣਾਉਂਦੀ ਹੈ।ਇਸ ਖੋਜ ਵਿੱਚ ਅਧਿਆਪਕਾਂ ਦਾ ਮਾਰਗ ਦਰਸ਼ਨ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਇਸ ਤਰ੍ਹਾਂ ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਡਾ. ਸੁਖਦੇਵ ਸਿੰਘ ਨੇ ਬੱਚਿਆਂ ਵਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਬੱਚਿਆਂ ਲਈ ਸਿੱਖਿਆ ਦੇ ਨਾਲ-ਨਾਲ ਖੇਡਾਂ, ਸਭਿਆਚਾਰਕ ਗਤੀਵਿਧੀਆਂ ਅਤੇ ਗੱਲਬਾਤ ਦੀ ਕਲਾ ਵਿੱਚ ਨਿਪੁੰਨ ਹੋਣਾ ਬਹੁਤ ਹੀ ਜ਼ਰੂਰੀ ਹੈ।ਜੀਵਨ ਵਿੱਚ ਕੁੱਝ ਵੀ ਪ੍ਰਾਪਤ ਕਰਨਾ ਅਸੰਭਵ ਨਹੀਂ ਹੈ।ਸਾਨੂੰ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਦਿਨ-ਰਾਤ ਇੱਕ ਕਰ ਦੇਣਾ ਚਾਹੀਦਾ ਹੈ।
ਗੁਰਜੀਤ ਸਿੰਘ ਔਜਲਾ ਨੇ ਵੀ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਸਿੱਖਿਆਂ ਦੇ ਨਾਲ-ਨਾਲ ਹੋਰ ਵੀ ਖੇਤਰਾਂ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।ਸਿੱਖਿਆਂ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਅਹਿਮ ਸਥਾਨ ਪ੍ਰਾਪਤ ਕਰਨ ਵਾਲੇ 300 ਵਿਦਿਆਰਥੀਆਂ ਨੂੰ ਗੁਰਜੀਤ ਸਿੰਘ ਔਜਲਾ ਅਤੇ ਡਾ. ਸੁਖਚੈਨ ਸਿੰਘ ਨੇ ਸਨਮਾਨਿਤ ਕੀਤਾ।ਔਜਲਾ ਨੇ ਸਕੂਲ ਦੇ ਵਿਕਾਸ ਲਈ ਪੰਜ ਲੱਖ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ।
ਸਕੂਲ ਦੇ ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ‘ਨਵਰੰਗ’ ਪੇਸ਼ ਕੀਤਾ ਗਿਆ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ਬਦ ਗਾਇਨ ਅਤੇ ਗਣੇਸ਼ ਵੰਦਨਾ ਦੀ ਪੇਸ਼ਕਾਰੀ ਨੇ ਪੂਰਾ ਵਾਤਾਵਰਨ ਭਗਤੀਮਈ ਬਣਾ ਦਿੱਤਾ ਅਤੇ ‘ਮਾਈਮ’ ਦੁਆਰਾ ਵਿਦਿਆਰਥੀਆਂ ਨੇ ਦਰਸ਼ਕਾਂ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਉਜਾਗਰ ਕਰ ਦਿੱਤੀ।ਕਵਾਲੀ, ਗਤਕਾ ਅਤੇ ਫਿਊਜ਼ਨ ਨਾਚ ਨੇ ਸਭ ਦਾ ਭਰਪੂਰ ਮਨੋਰੰਜਨ ਕੀਤਾ ।
ਡਾ. ਵੀ.ਪੀ ਲਖਨਪਾਲ ਨੇ ਇਨਾਮ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਤੋਂ ਬਹੁਤ ਉਮੀਦਾਂ ਹੰੁਦੀਆਂ ਹਨ।ਪਰ ਉਹਨਾਂ ਦੀ ਆਸਾਂ ਤਾਂ ਹੀ ਪੂਰੀਆਂ ਹੋ ਸਕਦੀਆਂ ਹਨ ਜੇ ਬੱਚਿਆਂ ਦਾ ਉੱਚਿਤ ਮਾਰਗ ਦਰਸ਼ਨ ਕੀਤਾ ਜਾਵੇ।ਡੀ.ਏ.ਵੀ ਇੰਟਰਨੈਸ਼ਨਲ ਸਕੂਲ ਆਪਣਾ ਇਹ ਫ਼ਰਜ਼ ਪੂਰੀ ਤਰ੍ਹਾਂ ਨਿਭਾਅ ਰਿਹਾ ਹੈ।ਡਾ. ਨੀਲਮ ਕਾਮਰਾ ਅਤੇ ਡਾ. ਰਾਜੇਸ਼ ਕੁਮਾਰ ਨੇ ਸਨਮਾਨਿਤ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਵਿਦਿਆਰਥੀਆਂ ਵਲੋਂ ਡੀ.ਏ.ਵੀ ਗਾਣ ਪੇਸ਼ ਕੀਤਾ ਗਿਆ।
ਇਸ ਮੌਕੇ ’ਤੇ ਡੀ.ਏ.ਵੀ ਕਮੇਟੀ ਦੇ ਮੈਂਬਰ ਡਾ. ਅਮਰਦੀਪ ਸਿੰਘ ਕਾਹਲੋਂ, ਡਾ. ਨਿਕਿਤਾ ਕਾਹਲੋਂ, ਡਾ. ਰਿਚਾ ਥੰਮਨ, ਡਾ. ਸ੍ਰੀਮਤੀ ਅਤੇ ਅਮਨਦੀਪ ਚੰਦੀ, ਡਾ. ਰਾਜੀਵ ਲਖਨਪਾਲ ਅਤੇ ਸ੍ਰੀਮਤੀ ਸੁਸ਼ਮਾ ਲਖਨਪਾਲ, ਪ੍ਰੋ: ਜਿਜਿਨਾ ਗੁਪਤਾ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਸਨ।ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media