ਅੰਮ੍ਰਿਤਸਰ, 24 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – 35ਵਾਂ ਅੰਤਰ ਯੂਨੀਵਰਸਿਟੀ ਨਾਰਥ ਜ਼ੋਨ ਯੁਵਕ ਮੇਲਾ `ਯੁਵਫੋਰੀਆ – 2019` ਮਿਤੀ
25 ਤੋਂ 29 ਦਸੰਬਰ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੀ ਅਗਵਾਈ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਪੰਜ ਦਿਨ ਚੱਲਣ ਵਾਲੇ ਇਸ `ਯੁਵਫੋਰੀਆ-2019` ਮੇਲੇ ਵਿੱਚ ਉੱਤਰੀ ਭਾਰਤ ਦੀਆਂ 37 ਯੂਨੀਵਰਸਿਟੀਆਂ ਦੇ ਲਗਪਗ 1500 ਤੋਂ ਵੱਧ ਵਿਦਿਆਰਥੀ-ਕਲਾਕਾਰਾਂ ਦਾ ਕਲਾ ਨਾਲ ਰੰਗਿਆ ਹੋਇਆ ਜੋਸ਼ ਸਿਰ ਚੜ੍ਹ ਬੋਲੇਗਾ। ਉਤਰੀ ਭਾਰਤ ਦੇ ਵੱਖ ਵੱਖ ਸਭਿਆਚਾਰ, ਲੋਕ ਰੰਗ ਅਤੇ ਕਲਾਸੀਕਲ ਕਲਾਵਾਂ ਨੂੰ ਨੇੜਿਓ ਵੇਖਣ ਲਈ ਜਿਥੇ ਵਿਦਿਆਰਥੀਆਂ ਵਿੱਚ ਪੂਰਾ ਉਤਸ਼ਾਹ ਠਾਠਾਂ ਮਾਰ ਰਿਹਾ ਉਥੇ ਕਲਾਕਾਰਾਂ ਵੱਲੋਂ ਵੀ ਆਪਣੀ ਕਲਾ ਦੇ ਜੌਹਰ ਵਿਖਾਉਣ ਲਈ ਦਿਨ-ਰਾਤ ਇੱਕ ਕੀਤਾ ਹੋਇਆ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਦਾ ਵੀ ਇਹ ਯਤਨ ਹੈ ਕਿ ਇਸ ਮੌਕੇ ਨੂੰ ਇਤਿਹਾਸ ਦਾ ਹਿਸਾ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 7 ਸਾਲ ਬਾਅਦ ਨਾਰਥ ਜ਼ੋਨ ਅੰਤਰ-ਵਰਸਿਟੀ ਯੁਵਕ ਮੇਲੇ ਦੀ ਮੇਜ਼ਬਾਨੀ ਦਾ ਮੌਕਾ ਉਦੋਂ ਮਿਲ ਰਿਹਾ ਹੈ ਜਦੋਂ ਉਹ ਆਪਣੀ ਗੋਲਡਨ ਜੁਬਲੀ ਮਨਾ ਰਹੀ ਹੈ।ਹਾਲ ਵਿੱਚ ਹੀ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਮਾਰੀਆ ਕਈ ਮੱਲ੍ਹਾਂ ਦੇ ਕਾਰਨ ਚਰਚਾ ਵਿਚ ਰਹੀ ਯੂਨੀਵਰਸਿਟੀ ਦੇ ਲਈ ਇਹ ਵੀ ਇੱਕ ਮਾਣ ਵਾਲੀ ਗੱਲ ਹੈ ਕਿ ਉਸ ਨੂੰ ਉਤਰੀ ਭਾਰਤ ਦੇ ਵਿਦਿਆਰਥੀ ਕਲਾਕਾਰਾਂ ਲਈ ਮੰਚ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ 35ਵੇਂ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਵਿਚ ਹਿੱਸਾ ਲੈ ਰਹੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਕਰਨ ਦੀਆਂ ਤਿਆਰੀਆਂ ਨੂੰ ਅੰਤਮ ਛੂਹਾਂ ਦੇ ਦਿੱਤੀਆਂ ਹਨ।
`ਯੁਵਫੋਰੀਆ -2019` ਦੇ ਆਰਗੇਨਾਈਜ਼ਿੰਗ ਸੈਕਟਰੀ ਅਤੇ ਡਾਇਰੈਕਟਰ, ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ 11.30 ਵਜੇ ਦਸਮੇਸ਼ ਆਡੀਟੋਰੀਅਮ ਵਿਖੇ ਹੋ ਰਹੇ ਇਸ ਮੇਲੇ ਦੇ ਉਦਘਾਟਨੀ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦੋਂ ਬਾਕੀ ਦਿਨ ਵੱਖ-ਵੱਖ ਮਹਿਮਾਨ ਵਿਸ਼ੇਸ਼ ਤੌਰ `ਤੇ ਇਸ ਮੇਲੇ ਵਿਚ ਪੁੱਜਣਗੇ ਅਤੇ 29 ਦਸੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਖੇ ਹੋ ਰਹੇ ਇਨਾਮ ਵੰਡ ਸਮਾਰੋਹ ਦੌਰਾਨ ਉਚੇਰੀ ਸਿਖਿਆ ਮੰਤਰੀ ਪੰਜਾਬ ਸਰਕਾਰ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੇਤੂਆਂ ਨੂੰ ਇਨਾਮ ਤਕਸੀਮ ਕਰਨਗੇ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਵਿਚ ਹੋ ਰਹੇ ਉਤਰੀ ਭਾਰਤ ਦੇ ਵਿਦਿਆਰਥੀ-ਕਲਾਕਾਰਾਂ ਦੇ ਇਸ ਮਹਾਂ ਕੁੰਭ ਨੂੰ ਯੂਨੀਵਰਸਿਟੀ ਲਈ ਮਾਣਮੱਤਾ ਕਰਾਰ ਦਿੰਦਿਆਂ ਕਿਹਾ ਕਿ ਆ ਰਹੇ ਵਿਦਿਆਰਥੀ ਕਲਾਕਾਰਾਂ ਨੂੰ ਇਸ ਖੇਤਰ ਦੀ ਕੜਕਦੀ ਠੰਡ ਵਿਚ ਯੂਨੀਵਰਸਿਟੀ ਵੱਲੋਂ ਨਿੱਘਾ ਜੀ ਆਇਆਂ ਆਖਦਿਆਂ ਵਧੀਆ ਸਹੂਲਤਾਂ ਦਿੱਤੀਆਂ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਲਈ ਯੂਨੀਵਰਸਿਟੀ ਪ੍ਰਸਾਸ਼ਨ ਪੂਰੀ ਤਨਦੇਹੀ ਨਾਲ ਕਾਰਜ ਕਰ ਰਿਹਾ ਹੈ।
ਵਾਈਸ ਪੈਟਰਨ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਇਸ ਮੌਕੇ `ਤੇ ਆਪਣੀ ਪ੍ਰਸੰਨਤਾ ਜ਼ਾਹਿਰ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ 35ਵਾਂ ਉੱਤਰੀ ਜੋ਼ਨ ਇੰਟਰ-ਯੂਨੀਵਰਸਿਟੀ ਯੁਵਕ ਮੇਲਾ ਆਯੋਜਿਤ ਕੀਤਾ ਜਾ ਰਿਹਾ ਜੋ ਕਿ ਰਾਸ਼ਟਰੀ ਪੱਧਰ ਤੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਲਈ ਇਹ ਇਕ ਸ਼ਲਾਘਾਯੋਗ ਕਦਮ ਸਾਬਤ ਹੋਵੇਗਾ।ਡਾ. ਹਰਦੀਪ ਸਿੰਘ ਨੇ ਕਿਹਾ ਕਿ ਚਾਰ ਵੱਖ-ਵੱਖ ਸਥਾਨਾਂ `ਤੇ ਚੱਲਣ ਵਾਲੇ ਇਸ ਮੇਲੇ ਦੌਰਾਨ ਦਸਮੇਸ਼ ਆਡੀਟੋਰੀਅਮ ਵਿਚ ਉਦਘਾਟਨੀ ਸਮਾਰੋਹ ਉਪਰੰਤ 25 ਦਸੰਬਰ ਨੂੰ ਮਿਮਿਕਰੀ ਤੇ ਮਾਈਮ ਦੇ ਮੁਕਾਬਲੇ ਜਦੋਂਕਿ ਆਰਕੀਟੈਕਚਰ ਵਿਭਾਗ ਵਿਚ `ਮੌਕੇ `ਤੇ ਫੋਟੋਗ੍ਰਾਫੀ ਅਤੇ ਕੋਲਾਜ਼ ਦੇ ਮੁਕਾਬਲੇ ਕਰਵਾਏ ਜਾਣਗੇ।
ਇਸੇ ਤਰ੍ਹਾਂ 26 ਦਸੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਸਕਿੱਟ, ਫੋਕ ਆਰਕੈਸਟਰਾ, ਵਨ ਐਕਟ ਪਲੇ ਦੇ ਮੁਕਾਬਲੇ ਹੋਣਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਵੈਸਟਰਨ ਸੋਲੋ, ਕਲਾਸੀਕਲ ਵੋਕਲ (ਸੋਲੋ), ਕਲਾਸੀਕਲ ਡਾਂਸ ਦੇ ਮੁਕਾਬਲੇ ਅਤੇ ਕਾਨਫਰੰਸ ਹਾਲ ਗੁਰੂ ਨਾਨਕ ਭਵਨ ਵਿਖੇ ਐਲੋਕਿਉਸ਼ਨ ਅਤੇ ਮੌਕੇ ਤੇ ਪੇਂਟਿੰਗ, ਕਲੇ ਮਾਡਲਿੰਗ ਦੇ ਮੁਕਾਬਲੇ ਆਰਕੀਟੈਕਚਰ ਵਿਭਾਗ ਵਿਖੇ ਹੋਣਗੇ।
27 ਦਸੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਇਕਾਂਗੀ, ਵੈਸਟਰਨ ਗਰੁੱਪ ਸੌਂਗ ਦੇ ਮੁਕਾਬਲੇ ਹੋਣਗੇ ਜਦੋਂਕਿ ਕਲਾਸੀਕਲ (ਇੰਸਟਰੂਮੈਂਟਲ) ਨਾਨ-ਪਰਕਸ਼ਨ, ਕਲਾਸੀਕਲ (ਇੰਸਟਰੂਮੈਂਟਲ) ਪਰਕਸ਼ਨ ਦੇ ਮੁਕਾਬਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਅਤੇ ਡੀਬੇਟ ਦੇ ਮਕਾਬਲੇ ਕਾਨਫਰੰਸ ਹਾਲ ਵਿਖੇ ਹੋਣਗੇ। ਰੰਗੋਲੀ ਅਤੇ ਕਾਰਟੂਨਿੰਗ ਦੇ ਮੁਕਾਬਲੇ ਆਰਕੀਟੈਕਟ ਵਿਭਾਗ ਵਿਖੇ ਹੋਣਗੇ।
ਇਸੇ ਤਰ੍ਹਾਂ 28 ਦਸੰਬਰ: ਯੂਨੀਵਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਗਰੁਪ ਸੌਂਗ (ਇੰਡੀਅਨ), ਫੋਕ / ਟ੍ਰਾਈਬਲ ਡਾਂਸ ਦੇ ਮੁਕਾਬਲੇ ਹੋਣਗੇ ਜਦੋਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਲਾਈਟ ਵੋਕਲ (ਇੰਡੀਅਨ), ਵੈਸਟਰਨ ਇੰਸਟਰੂਮੈਂਟਲ ਸੋਲੋ ਦੇ ਮੁਕਾਬਲੇ ਹੋਣਗੇ। ਕਾਨਫਰੰਸ ਹਾਲ ਵਿਖੇ ਕੁਇਜ਼ ਪ੍ਰੀਲਿਮਨਰੀ, ਕੁਇਜ਼ ਫਾਈਨਲ ਦੇ ਮੁਕਾਬਲੇ ਹੋਣਗੇ। ਇੰਸਟਾਲੇਸ਼ਨ, ਮਹਿੰਦੀ, ਪੋਸਟਰ ਮੇਕਿੰਗ ਦੇ ਮੁਕਾਬਲੇ ਆਰਕੀਟੈਕਚਰ ਵਿਭਾਗ ਵਿਖੇ ਹੋਣਗੇ। ਮੁਕਾਬਲੇ ਦੇ ਅਖੀਰਲੇ ਦਿਨ 29 ਦਸੰਬਰ ਨੂੰ ਇਨਾਮ ਵੰਡ ਸਮਾਰੋਹ ਹੋਵੇਗਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media