ਹਵਾਈ ਅੱਡੇ ਨੂੰ ਜਾਂਦੀ ਸੜਕ ਦਾ ਕੰਮ ਛੇਤੀ ਪੂਰਾ ਕਰਵਾਉਣ ਲਈ ਕਿਹਾ
ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹੇ ਵਿਚ ਸਰਕਾਰ ਦੇ ਚੱਲ ਰਹੇ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦੀ ਸਮੀਖਿਆ ਤੇ
ਨਿਗਰਾਨੀ ਲਈ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਨੇ ਵੱਖ-ਵੱਖ ਵਿਭਾਗਾਂ ਸਬੰਧੀ ਜਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਵੱਲੋਂ ਆਈਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਦਿਵਿਆਂਗ ਵਿਅਕਤੀ ਦੀ ਪੈਨਸ਼ਨ ਵਿਚ ਦੇਰੀ ਕਰਨ ਵਾਲੇ ਸਮਾਜਿਕ ਸੁਰੱਖਿਆ ਵਿਭਾਗ ਦੇ ਕਲਰਕ ਨੂੰ ਮੁਅੱਤਲ ਕਰਨ ਦੇ ਹੁੱਕਮ ਦਿੰਦੇ ਕਿਹਾ ਕਿ ਕਿਸੇ ਵੀ ਕੰਮ ਵਿਚ ਬਿਨਾਂ ਵਜ੍ਹਾ ਦੇਰੀ ਅਤੇ ਲੋਕਾਂ ਦੀ ਖੱਜ਼ਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਹਨ, ਉਹ ਪੂਰੇ ਕਰਨ ਲਈ ਅਧਿਕਾਰੀ ਟੀਮ ਬਣ ਕੇ ਕੰਮ ਕਰਨ ਅਤੇ ਜੋ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਉਸ ਦੀ ਤੈਅ ਤੱਕ ਜਾਇਆ ਜਾਵੇ।ਇਸੇ ਦੌਰਾਨ ਉਨਾਂ ਮੀਟਿੰਗ ਵਿਚ ਗੈਰ ਹਾਜ਼ਰ ਰਹੇ ਪੀ.ਐਸ.ਪੀ.ਸੀ.ਐਲ ਦੇ ਸਰਹੱਦੀ ਜ਼ੋਨ ਦੇ ਚੀਫ ਅਧਿਕਾਰੀ ਸਬੰਧੀ ਵਿਭਾਗ ਨੂੰ ਲਿਖਣ ਦੀ ਹਦਾਇਤ ਕਰਦੇ ਕਿਹਾ ਕਿ ਕਿਸੇ ਵੀ ਅਧਿਕਾਰੀ ਦੀ ਬਿਨਾਂ ਕਾਰਨ ਗੈਰ ਹਾਜ਼ਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸੋਨੀ ਨੇ ਰਾਸ਼ਟਰੀ ਮਾਰਗ ‘ਤੇ ਚਿੱਟੀ ਪੱਟੀ ਦੀ ਅਣਹੋਂਦ ਅਤੇ ਹਵਾਈ ਅੱਡੇ ਨੂੰ ਜਾਂਦੀ ਸੜਕ ਦੀ ਮੰਦਹਾਲੀ ਦਾ ਵੀ ਗੰਭੀਰ ਨੋਟਿਸ ਲੈਂਦੇ ਇਸ ਦੀ ਮੁਰੰਮਤ ਵਿਚ ਹੁੰਦੀ ਦੇਰੀ ਨੂੰ ਗੰਭੀਰਤਾ ਨਾਲ ਲੈਂਦੇ ਸਬੰਧਤ ਵਿਭਾਗ ਨੂੰ ਕਿਹਾ। ਸੋਨੀ ਨੇ ਪੈਲਸਾਂ ਵਿਚ ਚੱਲਦੀਆਂ ਗੋਲੀਆਂ ਅਤੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਗੰਭੀਰ ਨੋਟਿਸ ਲੈਂਦੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਕਦਮ ਚੁੱਕਣ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਸ਼ਰਾਬ ਦੇ ਠੇਕੇਦਾਰ ਆਮ ਲੋਕਾਂ ਨੂੰ ਤੰਗ ਨਹੀਂ ਕਰ ਸਕਦੇ।ਉਨਾਂ ਕਿਹਾ ਕਿ ਜਿਸ ਵੀ ਪੈਲਸ ਵਿਚ ਗੋਲੀ ਚੱਲਦੀ ਹੈ ਉਸ ਪੈਲਸ ਦਾ ਲਾਇਸੈਂਸ ਰੱਦ ਕਰਨ ਦੇ ਨਾਲ-ਨਾਲ ਗੋਲੀ ਚਲਾਉਣ ਵਾਲੇ ਵਿਅਕਤੀ ਦਾ ਹਥਿਆਰ ਲਾਇਸੈਂਸ ਰੱਦ ਕਰਕੇ ਉਸ ਉਤੇ ਪਰਚਾ ਦਰਜ ਕੀਤਾ ਜਾਵੇ।
ਇਸ ਮੌਕੇ ਬੋਲਦੇ ਮੇਅਰ ਕਰਮਜੀਤ ਸਿਘ ਰਿੰਟੂ ਨੇ ਕਿਹਾ ਕਿ ਕਾਰਪੋਰੇਸ਼ਨ ਸ਼ਹਿਰ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਅਸੀਂ ਤਨਖਾਹਾਂ ਦੀ ਮਹੀਨਾਵਾਰ ਅਦਾਇਗੀ ਕਰ ਰਹੇ ਹਾਂ, ਜੋ ਕਿ ਪਹਿਲਾਂ ਕਈ-ਕਈ ਮਹੀਨੇ ਪੈਂਡਿੰਗ ਰਹਿੰਦੀ ਸੀ। ਉਨਾਂ ਅਪੀਲ ਕੀਤੀ ਕਿ ਇਸ ਮੀਟਿੰਗ ਵਿਚ ਉਹ ਮੁੱਦੇ ਹੀ ਲਿਆਂਦੇ ਜਾਣ, ਜੋ ਕਿ ਲੋਕ ਮਸਲੇ ਹੋਣ, ਨਾ ਕਿ ਨਿੱਜੀ ਸ਼ਿਕਾਇਤਾਂ।ਸੋਨੀ ਨੇ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਵੱਲੋਂ ਉਠਾਏ ਵੱਖ-ਵੱਖ ਮੁੱਦੇ ਵਿਚਾਰੇ ਤੇ ਸਬੰਧਤ ਵਿਭਾਗਾਂ ਨੂੰ ਤਰੁੰਤ ਇਹ ਮਸਲੇ ਹੱਲ ਕਰਨ ਦੀ ਨਸੀਹਤ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਗਿੱਲ, ਐਸ.ਪੀ ਸ਼ਲਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਮੁਖੀ ਬਖਤਾਵਰ ਸਿੰਘ, ਸਹਾਇਕ ਕਮਿਸ਼ਨਰ ਸੰਦੀਪ ਰਿਸ਼ੀ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਸੈਕਟਰੀ ਆਰ.ਟੀ.ਏ ਦਰਬਾਰਾ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਤੇ ਅਨਮਜੋਤ ਕੌਰ, ਐਸ.ਡੀ.ਐਮ ਵਿਕਾਸ ਹੀਰਾ ਤੇ ਸ਼ਿਵਰਾਜ ਸਿੰਘ ਬੱਲ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media