ਸਮਰਾਲਾ, 13 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੋਕ ਮੋਰਚਾ ਪੰਜਾਬ ਇਕਾਈ ਸਮਰਾਲਾ ਵਲੋਂ ਆਰਥਿਕ ਮੰਦੀ, ਸੀ.ਏ.ਏ/ ਐਨ.ਆਰ.ਸੀ ਦੇ ਵਿਰੋਧ
’ਚ ਵਿਸ਼ਾਲ ਇਕੱਤਰਤਾ ਕੁਲਵੰਤ ਸਿੰਘ ਤਰਕ ਕਨਵੀਨਰ ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਇਨਕਲਾਬੀ, ਜਨਤਕ, ਜਮਹੂਰੀ ਜਥੇਬੰਦੀਆਂ ਦੇ ਆਗੂਆਂ, ਮੈਂਬਰਾਂ, ਕਾਰਕੁੰਨਾਂ, ਬੁੱਧੀਜੀਵੀਆਂ ਤੇ ਹੋਰ ਇਨਸਾਫ਼ ਪਸੰਦ, ਧਰਮ ਨਿਰਪੱਖ ਲੋਕਾਂ ਨੇ ਹਿੱਸਾ ਲਿਆ।
ਸਭ ਤੋਂ ਪਹਿਲਾਂ ਮੁੱਖ ਬੁਲਾਰੇ ਜਗਮੇਲ ਸਿੰਘ ਸੂਬਾ ਜਥੇਬੰਦਕ ਸਕੱਤਰ ਨੇ ਕਿਹਾ ਕਿ ਇਹੋ ਜਿਹੇ ਸੀ.ਏ.ਏ/ਐਨ.ਆਰ.ਸੀ ਵਰਗੇ ਲੋਕ ਵਿਰੋਧੀ ਕਨੂੰਨ ਲਾਗੂ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ’ਚ ਫਿਰਕੂ ਅਧਾਰ ‘ਤੇ ਵੰਡੀਆਂ ਪਾ ਕੇ ਲੋਕ ਪੱਖੀ, ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਕਰਕੇ ਹਿੰਦੂਤਵ ਦਾ ਏਜੰਡਾ ਲਾਗੂ ਕਰਨ ‘ਤੇ ਤੁਲੀ ਹੋਈ ਹੈ।ਉਹਨਾਂ ਕਿਹਾ ਕਿ ਇਹਨਾਂ ਕਨੂੰਨਾਂ ਵਿੱਚ ਇਹੋ ਜਿਹੀਆਂ ਖਾਮੀਆਂ ਪਾਈਆਂ ਗਈਆਂ ਜਿਹੜੀ ਕਿ ਦੇਸ਼ ਦੇ ਹਰ ਇਕ ਨਾਗਰਿਕ ਤੇ ਲਟਕਦੀ ਤਲਵਾਰ ਹੈ।ਇਹਨਾਂ ਖਾਮੀਆਂ ਕਰਕੇ ਦੇਸ਼ ਦੇ ਕਿਸੇ ਵੀ ਨਾਗਰਿਕ (ਵਿਸ਼ੇਸ਼ ਤੌਰ ‘ਤੇ ਮੁਸਲਿਮ ਭਾਈਚਾਰੇ ਦੀ) ਨਾਗਰਿਕਤਾ ਰੱਦ ਕਰਕੇ ਜਾਂ ਦੇਸ਼ ਧ੍ਰੋਹੀ ਕਰਾਰ ਦੇ ਕੇ ਕਾਲੇ ਕਨੂੰਨਾਂ ਤਹਿਤ ਜੇਲ੍ਹ ’ਚ ਸ਼ਰਨਾਰਥੀ ਕੈਂਪਾਂ ’ਚ ਡੱਕ ਸਕਦੀ ਹੈ।ਉਹਨਾਂ ਕਿਹਾ ਕਿ ਹੱਕਾਂ ਲਈ ਸੰਘਰਸ਼ ਕਰਦੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਫਿਰਕੂ ਗੁੰਡਾ ਗਰੋਹ, ਪੁਲਿਸ ਦੇ ਜਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿਵੇਂ ਕਿ ਦਿੱਲੀ ’ਚ ਜਾਮੀਆਂ, ਅਲੀਗੜ੍ਹ, ਜੇ.ਐਨ.ਯੂ ਯੂਨੀਵਰਸਿਟੀ ਅਤੇ ਹੋਰ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕਾਂ ‘ਤੇ ਪੁਲਿਸ ਜ਼ਬਰ ਕੀਤਾ ਗਿਆ।ਬੁੱਧੀਜੀਵੀ ਲੋਕ ਪੱਖੀ ਆਗੂਆਂ ਨੂੰ ਝੂਠੇ ਕੇਸ ਪਾ ਕੇ ਦੇਸ਼ ਧਰੋਹੀ ਕਰਾਰ ਦੇ ਕੇ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ।ਇਹਨਾਂ ਦੇਸ਼ ਵਿਰੋਧੀ ਹਾਕਮਾਂ ਨੇ ਦੇਸ਼ ਦੀ ਆਰਥਿਕਤਾ ਤਬਾਹ ਕਰ ਕੇ ਲੋਕਾਂ ’ਚ ਬੇਰੁਜ਼ਗਾਰੀ, ਭੁੱਖਮਾਰੀ, ਮਹਿੰਗਾਈ, ਗਰੀਬੀ, ਗੁੰਡਾਗਰਦੀ ਦਾ ਆਲਮ ਵਧਾ ਕੇ ਲੋਕਾਂ ਦਾ ਜਿਉਣਾ ਦੁੱਬਰ ਕਰ ਦਿੱਤਾ ਹੈ।ਦੇਸ਼ ਦੇ ਹਾਕਮ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਆਪਸੀ ਭਾਈਚਾਰਕ ਤੇ ਜਮਾਤੀ ਸਾਂਝ ਨੂੰ ਤੋੜ ਰਹੇ ਹਨ।ਉਹਨਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਧਨਾਂਢ ਦੇਸ਼ੀ/ਵਿਦੇਸ਼ੀ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਕੇ ਸਮੁੱਚੇ ਜਨਤਕ ਅਦਾਰਿਆਂ ਦਾ ਨਿੱਜੀਕਰਨ, ਨਿਗਮੀਕਰਨ ਕਰ ਰਹੀ ਹੈ।ਠੇਕੇਦਾਰੀ ਪ੍ਰਬੰਧ ਲਾਗੂ ਕੀਤਾ ਜਾ ਰਿਹਾ ਹੈ।ਉਹਨਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਹਨਾਂ ਜਾਬਰ ਤਾਕਤਾ ਖਿਲਾਫ਼ ਸਮੁੱਚੇ ਲੋਕਾਂ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।ਇਕੱਤਰਤਾ ’ਚ ਸ਼ਾਮਲ ਕੁੱਝ ਸਾਥੀਆਂ ਦੇ ਸਵਾਲਾਂ ਦਾ ਜਵਾਬ ਵੀ ਮੁੱਖ ਬੁਲਾਰੇ ਵਲੋਂ ਤਸੱਲੀਬਖ਼ਸ਼ ਦਿੱਤਾ ਗਿਆ।ਕੁਲਵੰਤ ਸਿੰਘ ਤਰਕ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਸਟੇਜ ਸਕੱਤਰ ਦਾ ਰੋਲ ਬਾਖੂਬੀ ਨਿਭਾਇਆ।
ਅਖੀਰ ’ਤੇ ਜਸਵੀਰ ਸਿੰਘ ਵਲੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media