ਮਹਿਤਾ, 17 ਜਨਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸ੍ਰੀ ਦਰਬਾਰ
ਸਾਹਿਬ ਵਿਰਾਸਤੀ ਮਾਰਗ ‘ਤੇ ਲਗੇ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਬੁੱਤਾਂ ਨੂੰ ਕੁੱਝ ਸਿੱਖ ਨੌਜਵਾਨਾਂ ਵਲੋਂ ਜਜ਼ਬਾਤ ‘ਚ ਆ ਕੇ ਹਟਾਏ ਜਾਣ ਨੂੰ ਲੈ ਕੇ ਪੈਦਾ ਹੋਈ ਸਥਿਤੀ ਨੂੰ ਗੰਭੀਰਤਾ ਨਾਲ ਲਿਆ ਹੈ।
ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਉਕਤ ਘਟਨਾ ਲਈ ਕਾਂਗਰਸ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੂੰ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਸਿੱਖ ਨੌਜਵਾਨਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕੀਤੀ ਹੁੰਦੀ ਤਾਂ ਇਹ ਮੰਦਭਾਗੀ ਘਟਨਾ ਟਾਲਿਆ ਜਾ ਸਕਦਾ ਸੀ, ਜਾਂ ਫਿਰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਸੀ। ਬੁੱਤ ਤੋੜੇ ਜਾਣ ਦੀ ਪੂਰੀ ਸਚਾਈ ਵੀਡੀਓ ਫੁਟੇਜ਼ ਦੇ ਰੂਪ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੇ ਬਾਵਜੂਦ ਸਿੱਖ ਨੌਜਵਾਨਾਂ ‘ਤੇ ਕਲਪਿਤ ਕਹਾਣੀ ਘੜਦਿਆਂ 307 ਵਰਗੀਆਂ ਸੰਗੀਨ ਧਾਰਾਵਾਂ ਮੜ੍ਹਨੀਆਂ ਅਤੇ ਜੇਲ੍ਹ ‘ਚ ਭੇਜਣਾ ਆਦਿ ਮਸਲੇ ਦਾ ਕੋਈ ਹੱਲ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬੀ ਸਭਿਆਚਾਰ ਦੀ ਪ੍ਰਫੁੱਲਤਾ ਦੇ ਵੀ ਖੁਵਾਇਸ਼ਮੰਦ ਹਾਂ, ਪਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਦੀਆਂ ਤੋਂ ਆਸਥਾ ਦਾ ਕੇਂਦਰ ਰਿਹਾ ਹੈ।ਰੂਹਾਨੀਅਤ ਦੇ ਮਾਹੌਲ ਨੂੰ ਪੰਜਾਬ ਟੂਰਿਜ਼ਮ ਵਿਭਾਗ ਵਲੋਂ ਬਿਨਾ ਕਿਸੇ ਦੀਰਘ ਸੋਚ ਵਿਚਾਰ ‘ਤੇ ਸਭਿਆਚਾਰਕ ਦਿੱਖ ਦੇਣੀ ਸੋਭਦਾ ਨਹੀਂ।ਵਿਭਾਗ ਅਤੇ ਸਰਕਾਰ ਨੂੰ ਆਪਣੀਆਂ ਧਾਰਮਿਕ ਸਭਿਆਚਾਰਕ ਨੀਤੀਆਂ ‘ਤੇ ਇਕ ਵਾਰ ਫਿਰ ਗ਼ੌਰ ਕਰਨ ਦੀ ਲੋੜ ਹੈ।ਉਨ੍ਹਾਂ ਸਿੱਖ ਨੌਜਵਾਨਾਂ ਨੂੰ ਵੀ ਸੰਜ਼ਮ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਨੌਜਵਾਨਾਂ ਵਲੋਂ ਆਪਣੀਆਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਉਠਾਏ ਗਏ ਕਦਮ ਨੂੰ ਹਮਦਰਦੀ ਨਾਲ ਵਿਚਾਰਿਆ ਜਾਣਾ ਚਾਹੀਦਾ ਸੀ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਮਨ ਸ਼ਾਂਤੀ ਕਾਇਮ ਰਖਣ ਅਤੇ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਨੌਜਵਾਨਾਂ ‘ਤੇ ਠੋਸੇ ਗਏ ਕੇਸ ਤੁਰੰਤ ਵਾਪਸ ਲੈਣੇ ਚਾਹੀਦੇ ਹਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media