25 ਜਨਵਰੀ ਦੇ ਪੰਜਾਬ ਬੰਦ ਦੀ ਕੀਤੀ ਹਮਾਇਤ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਸੀ.ਏ.ਏ ਤੇ ਐਨ.ਆਰ.ਸੀ ਦੇ ਨਾਮ ‘ਤੇ ਘੱਟ ਗਿਣਤੀ ਭਾਰਤੀਆਂ ਦੀ
ਨਾਗਰਿਕਤਾ ਨੂੰ ਲੈ ਕੇ ਛੇੜੀ ਗਈ ਮੁਹਿੰਮ ਦਾ ਕਰੜਾ ਵਿਰੋਧ ਕਰਦਿਆਂ ਤੇ ਇਸ ਸਬੰਧੀ ਘੱਟ ਗਿਣਤੀ ਭਾਈਚਾਰਾ ਸੰਸਥਾਵਾਂ ਦੇ ਵੱਲੋਂ 25 ਜਨਵਰੀ ਦਿਨ ਸ਼ਨੀਵਾਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਪੂਰਨ ਸਮੱਰਥਨ ਕਰਦਿਆਂ ਸਰਬੱਤ ਖਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਆਰ.ਐਸ.ਐਸ ਦੇ ਇਸ਼ਾਰਿਆਂ ‘ਤੇ ਘੱਟ ਗਿਣਤੀਆਂ ਨੂੰ ਦੇਸ਼ ਵਿੱਚੋਂ ਫਾਡੀ ਕਰਨ ਦੀ ਭਾਜਪਾ ਦੀ ਇੱਕ ਕੋਝੀ ਚਾਲ ਹੈ।ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਰਚਨਹਾਰੇ ਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਡਾ. ਬੀ.ਆਰ ਅੰਬੇਦਕਰ ਵੱਲੋਂ ਲਿਖੇ ਗਏ ਸੰਵਿਧਾਨ ਵਿੱਚ ਦੇਸ਼ ਦਾ ਨਾਮ ਭਾਰਤ ਅੰਕਿਤ ਕੀਤਾ ਗਿਆ ਹੈ।ਜਦੋਂ ਕਿ ਕੁੱਝ ਹਿੰਦੂ ਸੋਚ ਵਾਲੇ ਕਟੱੜਪੰਥੀ ਇਸ ਨੂੰ ਹਿੰਦੁਸਤਾਨ ਦਾ ਨਾਮ ਦੇ ਕੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇਸ ਨੂੰ ਹਿੰਦੂ ਰਾਸ਼ਟਰ ਬਣਾਉਣ ‘ਤੇ ਤੁੱਲੇ ਹੋਏ ਹਨ।ਭਾਈ ਜਰਨੈਲ ਸਿੰਘ ਸਖੀਰਾ ਨੇ ਸੀ.ਏ.ਏ ਤੇ ਐਨ.ਆਰ.ਸੀ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਭਾਜਪਾ ਸ਼ਨਾਖਤ ਤੇ ਨਾਗਰਿਕਤਾ ਦੇ ਨਾਮ ‘ਤੇ ਦੇਸ਼ ਦੇ ਘੱਟ ਗਿਣਤੀਆਂ ਭਾਈਚਾਰੇ ਨੂੰ ਗੁੰਮਰਾਹ ਕਰ ਰਹੀ ਹੈ।ਸਰਕਾਰ ਦੇ ਇਸ ਮਨਸੂਬੇ ਨੂੰ ਬਿਲਕੁੱਲ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਉਨ੍ਹਾਂ ਸਰਬ ਧਰਮ, ਘੱਟ ਗਿਣਤੀ ਭਾਈਚਾਰੇ ਨੂੰ ਇੱਕਮੰਚ ਤੇ ਇਕੱਠੇ ਹੋਣ ਦਾ ਸੱਦਾ ਦਿੰਦੇ ਹੋਏ 25 ਜਨਵਰੀ ਨੂੰ ਮੁਕੰਮਲ ਬੰਦ ਰੱਖਣ ਦੀ ਅਪੀਲ ਕੀਤੀ ਹੈ।
Punjab Post Daily Online Newspaper & Print Media