ਵੱਖ-ਵੱਖ ਖੇਤਰਾਂ ਨਾਲ ਸਬੰਧਤ 65 ਸ਼ਖ਼ਸੀਅਤਾਂ ਨੂੰ ਜਿਲ੍ਹਾ ਪੱਧਰੀ ਐਵਾਰਡ ਨਾਲ ਨਿਵਾਜ਼ਿਆ
ਸੰਗਰੂਰ, 28 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੁਲਿਸ ਲਾਈਨ ਸਟੇਡੀਅਮ ਵਿਖੇ 71ਵੇਂ ਗਣਤੰਤਰ ਦਿਵਸ ਮੌਕੇ ਆਯੋਜਿਤ ਜ਼ਿਲ੍ਹਾ ਪੱਧਰੀ
ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਮਗਰੋਂ ਪਰੇਡ ਟੁਕੜੀਆਂ ਦਾ ਨਿਰੀਖਣ ਕੀਤਾ ਗਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ।ਸੋਨੀ ਨੇ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਵਡਮੁੱਲੀਆਂ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਸੋਨੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ `ਤੇ ਗਣਰਾਜ ਦੀ ਸਥਾਪਨਾ ਹੋਈ ਅਤੇ ਉਹ ਭਾਰਤ ਦੇ ਸੰਵਿਧਾਨ ਸਭਾ ਦੇ ਸਮੂਹ ਮੈਂਬਰਾਂ ਅਤੇ ਸੰਵਿਧਾਨ ਸਭਾ ਦੇ ਮੁਖੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੂੰ ਸਜ਼ਦਾ ਕਰਦੇ ਹਨ ਜਿਨ੍ਹਾਂ ਨੇ ਦੇਸ਼ ਨੂੰ ਇਕ ਅਜਿਹਾ ਸੰਵਿਧਾਨ ਦਿੱਤਾ ਤੇ ਦੇਸ਼ ਇੱਕ ਮਾਲਾ ਵਿੱਚ ਪਰੋਇਆ ਗਿਆ।
ਇਸ ਤੋਂ ਪਹਿਲਾਂ ਸੋਨੀ ਨੇ ਪੁਲਿਸ ਲਾਈਨ ਵਿਖੇ ਸ਼ਹੀਦੀ ਯਾਦਗਾਰ `ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ.ਐਸ.ਪੀ ਡਾ. ਸੰਦੀਪ ਗਰਗ ਅਤੇ ਪਰੇਡ ਕਮਾਂਡਰ ਏ.ਐਸ.ਪੀ ਅਦਿਤਯ ਵੀ ਉਨ੍ਹਾਂ ਦੇ ਨਾਲ ਸਨ।ਬਾਅਦ ਵਿੱਚ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮਾਂ `ਤੇ ਆਧਾਰਿਤ ਝਾਕੀਆਂ ਦੀ ਪੇਸ਼ਕਾਰੀ ਹੋਈ ਜਿਸ ਵਿੱਚ ਨਸ਼ਾ ਮੁਕਤੀ ਯੋਜਨਾ, ਪੀ.ਐਸ.ਪੀ.ਸੀ.ਐਲ, ਤੰਦਰੁਸਤ ਪੰਜਾਬ ਮਿਸ਼ਨ, ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ, ਘਰ ਘਰ ਰੋਜ਼ਗਾਰ, ਘਰ ਘਰ ਹਰਿਆਲੀ, ਸਾਂਝ ਕੇਂਦਰ, ਸਮਾਰਟ ਸਕੂਲ, ਬਾਗਬਾਨੀ, ਖੇਤੀਬਾੜੀ, ਕਿਸਾਨ ਕਰਜ਼ਾ ਰਾਹਤ ਯੋਜਨਾ, ਬੇਟੀ ਬਚਾਓ ਬੇਟੀ ਪੜ੍ਹਾਓ ਤੇ ਪੋਸ਼ਣ ਅਭਿਆਨ, ਮਾਰਕਫੈਡ ਦੀਆਂ ਝਾਕੀਆਂ ਸ਼ਾਮਲ ਸਨ। ਇਸ ਤੋਂ ਬਾਅਦ ਵਿੱਚ ਸਭਿਆਚਾਰਕ ਪ੍ਰੋਗਰਾਮਾਂ ਤਹਿਤ ਗੋਲਡਨ ਅਰਥ ਗਲੋਬਲ ਸਕੂਲ, ਪੁਲਿਸ ਲਾਈਨ ਸਕੂਲ, ਡੀ.ਏ.ਵੀ ਸਕੂਲ ਸੁਨਾਮ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ `ਤੇ ਆਧਾਰਿਤ ਗੀਤਾਂ ਸਬੰਧੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਦਕਿ ਪੀ.ਟੀ ਸ਼ੋਅ, ਲੇਜ਼ੀਅਮ ਤੇ ਟਿੱਪਰੀ ਦੀ ਪੇਸ਼ਕਾਰੀ ਵੀ ਸ਼ਾਨਦਾਰ ਰਹੀ।ਕੈਬਨਿਟ ਮੰਤਰੀ ਨੇ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਜ਼ਿਲ੍ਹਾ ਪ੍ਰਸਾਸਨ ਦੀ ਤਰਫੋਂ ਵਿਸ਼ੇਸ ਤੌਰ `ਤੇ ਸਨਮਾਨਿਤ ਕੀਤਾ ਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਟਰਾਈ ਸਾਈਕਲਾਂ ਦੀ ਵੰਡ ਕੀਤੀ ਅਤੇ ਵੱਖ-ਵੱਖ ਖੇਤਰਾਂ `ਚ ਨਾਮਣਾ ਖੱਟਣ ਵਾਲੀਆਂ 65 ਸ਼ਖ਼ਸੀਅਤਾਂ ਨੂੰ ਜ਼ਿਲ੍ਹਾ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਡੇਪੋ ਤੇ ਬੱਡੀ ਮੁਹਿੰਮ ਲਈ ਸ਼ਲਾਘਾਯੋਗ ਕਾਰਜ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਉਨ੍ਹਾਂ ਪੁਲਿਸ ਲਾਈਨ ਦੇ ਕਾਇਆ ਕਲਪ ਲਈ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ।
ਸਮਾਗਮ ਦੌਰਾਨ ਜ਼ਿਲ੍ਹਾ ਤੇ ਸੈਸ਼ਨਜ ਜੱਜ ਹਰਪਾਲ ਸਿੰਘ ਸਮੇਤ ਹੋਰ ਜੁਡੀਸ਼ੀਅਲ ਅਧਿਕਾਰੀ, ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਬਤਰਾ, ਐਸ.ਡੀ.ਐਮ ਬਬਨਦੀਪ ਸਿੰਘ ਵਾਲੀਆ, ਸੀਨੀਅਰ ਕਾਂਗਰਸੀ ਆਗੂ ਸ਼੍ਰੀਮਤੀ ਦਾਮਨ ਥਿੰਦ ਬਾਜਵਾ ਵੀ ਹਾਜ਼ਰ ਸਨ।
Punjab Post Daily Online Newspaper & Print Media