ਪੁੱਲ ਦੇ ਚਾਲੂ ਹੋਣ ਨਾਲ ਪੱਕੇ ਤੌਰ ’ਤੇ ਬਾਕੀ ਦੁਨੀਆ ਨਾਲ ਜੁੜਨਗੇ ਟਾਪੂਨੁਮਾ 16 ਪਿੰਡ
ਸੁਲਤਾਨਪੁਰ ਲੋਧੀ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਬਾੳੂਪੁਰ ਵਿਖੇ ਨਿਰਮਾਣ ਅਧੀਨ ਸਥਾਈ ਪੁੱਲ 31 ਮਾਰਚ ਤੱਕ
ਮੁਕੰਮਲ ਹੋ ਜਾਵੇਗਾ।ਇਹ ਪ੍ਰਗਟਾਵਾ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਇਸ ਪੁਲ ਦੇ ਨਿਰਮਾਣ ਕਾਰਜ਼ ਦਾ ਜਾਇਜ਼ਾ ਲੈਣ ਮੌਕੇ ਕੀਤਾ।ਉਨ੍ਹਾਂ ਦੱਸਿਆ ਕਿ 11 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਕਰੀਬ ਇੱਕ ਕਿਲੋਮੀਟਰ ਲੰਬੇ ਇਸ ਪੁੱਲ ਦਾ 80 ਫੀਸਦੀ ਤੋਂ ਵੱਧ ਕੰਮ ਮੁਕੰਮਲ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਇਸ ਪੁੱਲ ਦੇ ਚਾਲੂ ਹੋਣ ਨਾਲ ਮੰਡ ਬਾੳੂਪੁਰ ਟਾਪੂ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਖੇਤਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਾਕੀ ਦੁਨੀਆਂ ਨਾਲ ਸਿੱਧੇ ਤੌਰ ’ਤੇ ਜੁੜ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੁੱਲ ਇਸ ਟਾਪੂਨੁਮਾ ਇਲਾਕੇ ਦੇ 16 ਪਿੰਡਾਂ ਲਈ ਵਰਦਾਨ ਸਿੱਧ ਹੋਵੇਗਾ ਅਤੇ ਇਥੋਂ ਦੇ ਕਿਸਾਨਾਂ ਨੂੰ ਆਪਣੀ ਜਿਣਸ ਮੰਡੀਆਂ ਵਿਚ ਲਿਜਾਣ, ਬੱਚਿਆਂ ਨੂੰ ਸਕੂਲ-ਕਾਲਜ ਜਾਣ, ਮਰੀਜ਼ਾਂ ਨੂੰ ਹਸਪਤਾਲ ਲਿਜਾਣ ਅਤੇ ਹੋਰਨਾਂ ਕੰਮਾਂ ਆਦਿ ਲਈ ਵੱਡੀ ਸਹੂਲਤ ਮਿਲ ਜਾਵੇਗੀ।
ਉਨ੍ਹਾਂ ਕਿਹਾ ਕਿ ਦਰਿਆ ਪਾਰ ਦੇ ਇਸ ਇਲਾਕੇ ਲਈ ਸੜਕਾਂ ਨਾਲ ਜੁੜਨ ਦਾ ਜ਼ਰੀਆ ਕੁੱਝ ਮਹੀਨਿਆਂ ਲਈ ਅਸਥਾਈ ਤੌਰ ’ਤੇ ਬਣਾਇਆ ਜਾਂਦਾ ਕੇਵਲ ਪਲਟੂਨ ਪੁੱਲ ਸੀ, ਜਿਸ ਨੂੰ ਬਰਸਾਤਾਂ ਦੇ ਦਿਨਾਂ ਵਿਚ ਖੋਲ੍ਹ ਦਿੱਤਾ ਜਾਂਦਾ ਸੀ।ਉਨ੍ਹਾਂ ਕਿਹਾ ਕਿ ਪੁਲ ਦੇ ਖੁੱਲ੍ਹਣ ਨਾਲ ਇਥੇ ਵੱਸਦੇ ਲੋਕਾਂ ਨੂੰ ਸ਼ਹਿਰ ਜਾਣ ਲਈ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਉਨ੍ਹਾਂ ਦਾ ਸਹਾਰਾ ਕੇਵਲ ਕਿਸ਼ਤੀ ਹੀ ਸੀ। ਉਨ੍ਹਾਂ ਇਸ ਇਲਾਕੇ ਦੀ ਚਿਰ ਸਥਾਈ ਸਮੱਸਿਆ ਦਾ ਹੱਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੁਸੀਬਤਾਂ ਦੇ ਮਾਰੇ ਮੰਡ ਖੇਤਰ ਦੇ ਲੋਕਾਂ ਦੀ ਬਾਂਹ ਫੜੀ ਹੈ।ਉਨ੍ਹਾਂ ਲੋਕਾਂ ਵੱਲੋਂ ਦਰਿਆ ਵਿਚ ਸੁੱਟੇ ਗਏ ਮਰੇ ਹੋਏ ਪਸ਼ੂਆਂ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ।ਇਸ ਨਾਲ ਜਿਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਦਰਿਆ ਦੇ ਪਾਣੀ ਦੇ ਵਹਾਅ ਵਿੱਚ ਵੀ ਵਿਘਨ ਪੈ ਰਿਹਾ ਹੈ।
ਇਸ ਮੌਕੇ ਐਸੋਸੀਏਟਿਡ ਇੰਜੀਨੀਅਰ ਸਰਬਜੀਤ ਸਿੰਘ ਤੇ ਪਰਮੀਤ ਸਿੰਘ, ਜੇ.ਈ ਨਵਤੇਜ ਸਿੰਘ, ਪਰਮਜੀਤ ਸਿੰਘ, ਰਵਿੰਦਰ ਰਵੀ, ਅਜੀਤ ਸਿੰਘ ਨਿਰਮਲ ਸਿੰਘ, ਹਰਜਿੰਦਰ ਸਿਘ, ਗੁਰਮੀਤ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ, ਪਰਗਟ ਸਿੰਘ, ਗੁਰਵਿੰਦਰ ਸਿੰਘ, ਮੇਜਰ ਸਿੰਘ ਤੋਂ ਇਲਾਵਾ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
Punjab Post Daily Online Newspaper & Print Media