ਹਸਪਤਾਲਾਂ ‘ਚ ਪਾਣੀ ਦੀ ਬਰਬਾਦੀ ਰੋਕਣ ਲਈ ਵਾਟਰ ਮੀਟਰ ਲਗਾਏ ਜਾਣਗੇ
ਚੰਡੀਗੜ, 20 ਫਰਵਰੀ (ਪੰਜਾਬ ਪੋਸਟ ਬਿਊਰੋ) – ਸੂਬੇ ਦੇ ਲੋਕਾਂ ਨੂੰ ਸਿਹਤਮੰਦ, ਬਿਮਾਰੀ ਰਹਿਤ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣ ਦੇ
ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਰੇ ਸਿਵਲ ਸਰਜਨਾਂ ਨੂੰ ਵਾਤਾਵਰਣ ਸਬੰਧੀ ਵੱਖ-ਵੱਖ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ ਦਿੱਤੇ ਹਨ। ਉਹਨਾਂ ਕਿਹਾ ਕਿ ਇਹ ਸਿਹਤ ਸੰਸਥਾਵਾਂ (ਸਰਕਾਰੀ ਜਾਂ ਪ੍ਰਾਇਵੇਟ) ਦੇ ਇੰਚਾਰਜ ਦੀ ਡਿਊਟੀ ਬਣਦੀ ਹੈ ਕਿ ਉਹ ਹਰ ਤਰਾਂ ਦੀ ਰਹਿੰਦ-ਖੂਹੰਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ।
ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ 30 ਜੂਨ, 2020 ਤੱਕ ਈ.ਟੀ.ਪੀ (ਐਫਲੂਐਂਟ ਟਰੀਟਮੈਂਟ ਪਲਾਂਟ) ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਐਫਲੂਐਂਟ ਟਰੀਟਮੈਂਟ ਪਲਾਂਟ ਲਗਾਉਣ ਸਬੰਧੀ ਗਤੀਵਿਧੀਆਂ ਲਈ ਸਿਵਲ ਸਰਜਨਾਂ ਨੂੰ ਪੀ.ਈ.ਆਰ.ਟੀ (ਪ੍ਰੋਗਰਾਮ ਈਵੈਲੂਏਸ਼ਨ ਐਂਡ ਰੀਵਿਊ ਟੈਕਨੀਕਸ) ਜਮਾਂ ਕਰਵਾਉਣ ਦੇ ਨਿਰਦੇਸ ਵੀ ਦਿੱਤੇ ਗਏ ਹਨ। ਉਹਨਾਂ ਅੱਗੇ ਕਿਹਾ ਕਿ ਹਸਪਤਾਲਾਂ ਵਿੱਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਜਲਦ ਹੀ ਵਾਟਰ ਮੀਟਰ ਵੀ ਲਗਾਏ ਜਾਣਗੇ।ਸਿਹਤ ਮੰਤਰੀ ਨੇ ਸਿਵਲ ਸਰਜਨਾ ਨੂੰ 7 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਰਿਪੋਰਟ ਜਮਾਂ ਕਰਵਾਉਣ ਦੇ ਨਿਰਦੇਸ ਦਿੱਤੇ ਹਨ।
ਸਿੱਧੂ ਨੇ ਕਿਹਾ ਕਿ ਸੀਨੀਅਰ ਮੈਡੀਕਲ ਅਧਿਕਾਰੀ ਯਕੀਨੀ ਬਣਾਉਣ ਕਿ ਸਾਰੀ ਪਲਾਸਟਿਕ ਰਹਿੰਦ ਖੂਹੰਦ ਨੂੰ ਕੱਟ ਕੇ ਇਸਨੂੰ ਕਾਮਨ ਬਾਇਓਮੈਡੀਕਲ ਵੇਸਟ ਟਰੀਟਮੈਂਟ ਫੈਸਿਲਟੀ ਨੂੰ ਦੇਣ ਤਾਂ ਜੋ ਕਿਸੇ ਵੀ ਤਰੀਕੇ ਨਾਲ ਇਸ ਦੀ ਗੈਰ ਕਾਨੂੰਨੀ ਤੌਰ `ਤੇ ਮੁੜ ਵਰਤੋਂ ਨਾ ਕੀਤੀ ਜਾ ਸਕੇ।
ਕਾਗਜ਼ਾਂ ਦੀ ਵੱਧ ਵਰਤੋਂ ਅਤੇ ਦਫਤਰਾਂ ਵਿਚ ਕਾਗਜਾਂ ਦੀ ਬਰਬਾਦੀ ਨੂੰ ਘਟਾਉਣ ਲਈ, ਸਿਹਤ ਮੰਤਰੀ ਨੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਸਾਰੇ ਸਰਕਾਰੀ ਹਸਪਤਾਲਾਂ ਨੂੰ ਕਾਗਜ਼ ਨੂੰ ਦੋਵਾਂ ਪਾਸਿਆਂ ਤੋਂ ਵਰਤਣ ਦੀ ਹਦਾਇਤ ਜਾਰੀ ਕਰਨ ਲਈ ਵੀ ਕਿਹਾ।
Punjab Post Daily Online Newspaper & Print Media