ਸੰਗਰੂਰ/ ਲੌਂਗੋਵਾਲ, 23 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬੇ ‘ਚ ਵਾਪਰੇ ਕੁੱਝ ਦਿਨ ਪਹਿਲਾਂ ਵਾਪਰੇ ਭਿਆਨਕ ਵੈਨ ਹਾਦਸੇ ਵਿੱਚ ਸਿਮਰਨ
ਪਬਲਿਕ ਸਕੂਲ ਦੇ 4 ਬੱਚਿਆਂ ਦੀ ਹੋਈ ਦਰਦਨਾਕ ਮੌਤ ਬਾਅਦ ਕਸਬਾ ਲੌਂਗੋਵਾਲ ਅਤੇ ਨੇੜਲੇ ਇਲਾਕੇ ਵਿਚਲੀਆਂ ਜਮਹੂਰੀ ਜਨਤਕ ਇਨਕਲਾਬੀ ਅਤੇ ਲੋਕ ਪੱਖੀ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਬਣਾਈ ਗਈ ਸੰਘਰਸ਼ ਐਕਸ਼ਨ ਕਮੇਟੀ ਵਲੋਂ ਦਿਤੇ ਗਏ ਸੱਦੇ ‘ਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਜਾਵਾਂ ਦਿਵਾਉਣ ਲਈ ਸ਼ੁਰੂ ਕੀਤੇ ਗਏ ਸੰਘਰਸ਼ ਦੇ ਚੱਲਦਿਆਂ ਮੂਲੇਕਾ ਦਰਵਾਜ਼ਾ ਤੋਂ ਇੱਕ ਵਿਸ਼ਾਲ ਰੋਸ਼ ਮਾਰਚ ਸ਼ੁਰੂ ਕੀਤਾ ਗਿਆ।ਜੋ ਕਸਬੇ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਇਥੋਂ ਦੀ ਸਬ ਤਹਿਸੀਲ ਅੱਗੇ ਸਮਾਪਤ ਕੀਤਾ ਗਿਆ।ਸਬੰਧਤ ਜਥੇਬੰਦੀਆਂ ਵਲੋਂ ਸਬ ਤਹਿਸੀਲ ਦੇ ਮੇਨ ਗੇਟ ਅੱਗੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਲਈ ਰੋਸ ਧਰਨਾ ਦਿੱਤਾ ਗਿਆ।ਜੋ ਐਸ.ਡੀ.ਐਮ ਸੰਗਰੂਰ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਹੀ ਸਮਾਪਤ ਕੀਤਾ ਗਿਆ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਡੈਮੋਕਰੇਟਿਕ ਟੀਚਰਜ ਫਰੰਟ ਦੇ ਬਲਵੀਰ ਚੰਦ ਲੌਂਗੋਵਾਲ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਸਵਿੰਦਰ ਸੋਮਾ ਅਤੇ ਰਣਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਸਥਾਨਕ ਕੌਂਸਲਰ ਭੂਪਿੰਦਰ ਸਿੰਘ ਲੌਂਗੋਵਾਲ, ਲਖਵਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੁਝਾਰ ਲੌਂਗੋਵਾਲ, ਦੇਸ਼ ਭਗਤ ਯਾਦਗਾਰ ਵਲੋਂ ਕਮਲਜੀਤ ਵਿੱਕੀ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ, ਸਰਬ ਸਾਂਝਾ ਵਿਚਾਰ ਮੰਚ ਦੇ ਪ੍ਰਧਾਨ ਮੱਖਣ ਸ਼ਾਹਪੁਰ, ਕਾ. ਸ਼ੱਤਪਾਲ, ਡਾ. ਮੋਨਜ ਗੋਇਲ (ਸਲਾਈਟ), ਆਰ.ਸੀ.ਪੀ.ਆਈ ਦੇ ਕਾ. ਮੰਗਤ ਰਾਮ, ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ, ਨੌਜਵਾਨ ਭਾਰਤ ਸਭਾ (ਲਲਕਾਰ) ਦੇ ਰੁਪਿੰਦਰ ਸਿੰਘ ਸ਼ੇਰੋਂ, ਰਣਜੀਤ ਸਿੰਘ, ਅਨਿਲ ਸਰਮਾ ਅਤੇ ਕੁਲਵਿੰਦਰ ਸਿੰਘ ਸੋਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੀਆਂ ਜਮਹੂਰੀ ਜਨਤਕ ਅਤੇ ਲੋਕ ਪੱਖੀ ਜਥੇਬੰਦੀਆਂ ਵਲੋਂ ਬਣਾਈ ਗਈ ਇਸ ਐਕਸ਼ਨ ਕਮੇਟੀ ਦਾ ਮਨੋਰਥ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ ਦਿਵਾਉਣਾ ਹੈ।ਉਨਾਂ ਕਿਹਾ ਕਿ ਅੱਜ ਅਸੀ ਜੋ ਮੰਗ ਪੱਤਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਰਾਂਹੀ ਪੰਜਾਬ ਸਰਕਾਰ ਤੱਕ ਪਹੁੰਚਦਾ ਕਰਨਾ ਚਾਹੁੰਦੇ ਹਾਂ ਉਸ ਰਾਂਹੀ ਅਸੀ ਮੰਗ ਕਰਦੇ ਹਾਂ ਕਿ ਲੌਂਗੋਵਾਲ ਵੈਨ ਹਾਦਸੇ ਵਿਚ ਮਾਰੇ ਗਏ 4 ਮਾਸੂਮ ਬੱਚਿਆ ਦੀ ਮੌਤ ਦੀ ਨੈਤਿਕ ਜੁੰਮੇਵਾਰੀ ਲੈਦਿਆ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਤੁਰੰਤ ਅਸਤੀਫਾ ਲਿਆ ਜਾਵੇ। ਜਿੰਮੇਵਾਰ ਟਰਾਂਸਪੋਰਟ ਅਧਿਕਾਰੀਆਂ ਖਿਲਾਫ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ। ਮੌਤ ਦਾ ਸ਼ਿਕਾਰ ਹੋਏ ਬੱਚਿਆ ਦੇ ਪਰਿਵਾਰਾਂ ਨੂੰ ਘੱਟੋ-ਘੱਟ 50 ਲੱਖ ਰੁਪਏ ਪ੍ਰਤੀ ਪਰਿਵਾਰ ਅਤੇ ਜ਼ਖਮੀ ਤੇ ਮਾਨਸਿਕ ਸੰਤੁਲਨ ਗੁਆ ਬੈਠੇ ਬੱਚਿਆਂ ਦੇ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 2 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ।ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰ ਕੇ ਬੰਦ ਪਈਆਂ ਐਮਰਜੈਂਸੀ ਸੇਵਾਵਾ ਤੁਰੰਤ ਚਾਲੂ ਕੀਤੀਆਂ ਜਾਣ।
ਦੇਰ ਸ਼ਾਮ ਤੱਕ ਚੱਲੇ ਇਸ ਰੋਸ਼ ਧਰਨੇ ਵਿੱਚ ਜਥੇਬੰਦੀਆਂ ਦੀ ਮੰਗ ਅਨੁਸਾਰ ਪਹੁੰਚੇ ਐਸ.ਡੀ.ਐਮ ਸੰਗਰੂਰ ਬਬਨਜੀਤ ਸਿੰਘ ਨੇ ਮੰਗ ਪੱਤਰ ਪ੍ਰਾਪਤ ਕਰ ਕੇ ਇਕੱਠ ਨੂੰ ਭਰੋਸਾ ਦਿੱਤਾ ਕਿ ਉਹ ਅਪਣੇ ਉਚ ਅਧਿਕਾਰੀਆ ਰਾਂਹੀ ਇਹ ਮੰਗ ਪੱਤਰ ਪੰਜਾਬ ਸਰਕਾਰ ਤੱਕ ਪੁੱਜਦਾ ਕਰਨਗੇ।ਇਸ ਮੌਕੇ ਨਾਇਬ ਤਹਿਸੀਲਦਾਰ ਮੈਡਮ ਊਸ਼ਾ ਰਾਣੀ, ਡੀ.ਐਸ.ਪੀ (ਸਿਕਿਉਰਟੀ) ਸੁਖਰਾਜ ਸਿੰਘ, ਐਸ.ਐਚ.ਓ ਲੌਂਗੋਵਾਲ ਬਲਵੰਤ ਸਿੰਘ ਵੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media