ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਚਲ ਰਹੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ
ਸਕੂਲ ਵਿਖੇ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆ ’ਚ ਸਫ਼ਲਤਾ ਲਈ ਖ਼ਾਲਸਈ ਮਰਿਯਾਦਾ ਅਨੁਸਾਰ ਅਰਦਾਸ ਦਿਵਸ ਮਨਾਇਆ ਗਿਆ।ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸਕੂਲ ਵਿਦਿਆਰਥੀਆਂ ਵਲੋਂ ਧੁਰ ਕੀ ਬਾਣੀ ਦਾ ਇਲਾਹੀ ਕੀਰਤਨ ਕੀਤਾ ਗਿਆ।
ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਜਾਰੀ ਸੰਦੇਸ਼ ’ਚ ਦੱਸਿਆ ਕਿ ਇਹ ਗਵਰਨਿੰਗ ਕੌਂਸਲ ਦੀ 126 ਸਾਲ ਪੁਰਾਤਨ ਤੇ ਪਲੇਠੀ ਵਿੱਦਿਅਕ ਸੰਸਥਾ ਹੈ, ਜਿਸ ਦੀਆਂ ਵਿੱਦਿਅਕ, ਸਪੋਰਟਸ, ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਸ਼ਾਨਦਾਰ ਪ੍ਰਾਪਤੀਆਂ ਹਨ।ਉਨ੍ਹਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਤੁਸੀਂ ਇਸ ਸੰਸਥਾ ਦੇ ਸ਼ਾਨਦਾਰ ਇਤਿਹਾਸ ਨੰੂ ਬਰਕਰਾਰ ਰੱਖੋਗੇ।
ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੰੂ ਸੰਬੋਧਨ ਕਰਦਿਆਂ ਨੈਤਿਕ ਕਦਰਾਂਕੀਮਤਾਂ, ਉਚ ਆਚਰਣ ਅਤੇ ਖ਼ਾਲਸਾ ਸੰਸਥਾਵਾਂ ਦੀਆਂ ਅਮੀਰ ਪ੍ਰੰਪਰਾਵਾਂ ਅਤੇ ਭਵਿੱਖ ’ਚ ਬੁਲੰਦੀਆਂ ਸਰ ਕਰਨ ਲਈ ਪ੍ਰੇਰਿਤ ਕੀਤਾ।ਸੰਸਥਾ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵਿਦਿਆਰਥੀਆਂ ਨੰੂ ਇਮਤਿਹਾਨ ’ਚ ਚੰਗੇ ਅੰਕ ਪ੍ਰਾਪਤ ਕਰਨ ਲਈ ਅਸ਼ੀਰਵਾਦ ਦਿੰਦਿਆਂ ਖ਼ਾਲਸਾ ਕਾਲਜ ਸੁਸਾਇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਕਾਲਜਾਂ ’ਚ ਉਚ ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਿਆ ।
ਅਰਦਾਸ ਸਮਾਗਮ ਵਿਚ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਣ ਸਕੱਤਰ ਸਕੂਲਜ਼, ਮੈਂਬਰ ਸੁਖਦੇਵ ਸਿੰਘ ਅਬਦਾਲ, ਪਰਮਜੀਤ ਸਿੰਘ ਬੱਲ, ਗੁਰਪ੍ਰੀਤ ਸਿੰਘ, ਮੰਗਵਿੰਦਰ ਸਿੰਘ ਖਾਪੜਖੇੜੀ, ਦਿਲਰਾਜ ਸਿੰਘ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਅਤੇ ਵੱਖ-ਵੱਖ ਖ਼ਾਲਸਾ ਸੰਸਥਾਵਾਂ ਦੇ ਪ੍ਰਿੰਸੀਪਲ, ਸਟਾਫ਼ ਅਤੇ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।ਧਾਰਮਿਕ ਪ੍ਰੀਖਿਆ ’ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਗੁਰੂ ਕਾ ਲੰਗਰ ਅਟੁੱਟ ਵਰਤਿਆ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media