ਘਰ ਤੇ ਅਦਾਰਿਆਂ ‘ਚ ਰੱਖਿਆ ਜਾਵੇ ਸਫਾਈ ਦਾ ਖਾਸ ਖਿਆਲ – ਸਿਵਲ ਸਰਜਨ
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਨ ਤੋਂ ਬਾਅਦ ਕਈ ਦੇਸ਼ਾਂ ਵਿਚ ਫੈਲ ਚੁੱਕੇ ਕੋਰੋਨਾ ਵਾਇਰਸ ਤੋਂ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਨ
ਲਈ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ, ਕਿਉਂਕਿ ਇਸ ਸਬੰਧੀ ਜਾਣਕਾਰੀ ਹੀ ਇਸ ਦਾ ਸਭ ਤੋਂ ਵੱਡਾ ਬਚਾਅ ਹੈ।ਡਿਪਟੀ ਕਮਿਸ਼ਨਰ ਸ਼ਵਦੁਲਾਰ ਸਿੰਘ ਢਿਲੋਂ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਡਰਨ ਨਹੀਂ, ਬਲਕਿ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਉਤੇ ਅਮਲ ਕਰਨ।ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਤੋਂ ਜਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਲਗਾਤਾਰ ਯਤਨਸ਼ੀਲ ਹੈ, ਪਰ ਇਸ ਵਿਚ ਤੁਹਾਡੇ ਸਾਥ ਦੀ ਵੱਡੀ ਲੋੜ ਹੈ।ਉਨਾਂ ਦੱਸਿਆ ਕਿ ਹਵਾਈ ਅੱਡੇ ਉਤੇ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ ਅਤੇ ਵਿਦੇਸ਼ਾਂ ਵਿਚੋਂ ਆਉਣ ਵਾਲੇ ਯਾਤਰੀਆਂ ਦੀ ਸਕੈਨਿੰਗ ਹੋ ਰਹੀ ਹੈ।ਜੋ ਵੀ ਸ਼ੱਕੀ ਮਹਿਸੂਸ ਹੁੰਦਾ ਹੈ, ਉਸ ਨੂੰ ਹਸਪਤਾਲ ਵਿਚ ਰੱਖ ਕੇ ਉਸ ਦੇ ਖੂਨ ਦੀ ਜਾਂਚ ਕਰਵਾਈ ਜਾ ਰਹੀ ਹੈ, ਪਰ ਹਾਲੇ ਤੱਕ ਕੋਈ ਕੇਸ ਨਹੀਂ ਮਿਲਿਆ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੋਸ਼ਲ ਮੀਡੀਆ ਉਤੇ ਚੱਲਦੀਆਂ ਅਫਵਾਹਾਂ ਵਿਚ ਨਾ ਆਉਣ ਅਤੇ ਕਿਸੇ ਵੀ ਗਲਤ ਸੂਚਨਾ ਦੀ ਪੁਸ਼ਟੀ ਕਰਕੇ ਹੀ ਉਸ ਨੂੰ ਅੱਗੇ ਸ਼ੇਅਰ ਕਰਨ, ਤਾਂ ਜੋ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਨਾ ਹੋਵੇ।ਉਨਾਂ ਪੁਲਿਸ ਨੂੰ ਹਦਾਇਤ ਕੀਤੀ ਕਿ ਜੋ ਵੀ ਵਿਅਕਤੀ ਗਲਤ ਜਾਣਕਾਰੀ ਦੇ ਕੇ ਅਫਵਾਹ ਫੈਲਾਉਂਦਾ ਹੋਵੇ, ਉਸ ਵਿਰੁੱਧ ਧਾਰਾ 188 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇ।ਉਨਾਂ ਵੀਡੀਓ ਕਾਨਫਰੰਸ ਜ਼ਰੀਏ ਮੁੱਖ ਸਕੱਤਰ ਪੰਜਾਬ ਤੇ ਸਿਹਤ ਵਿਭਾਗ ਪੰਜਾਬ ਨਾਲ ਵੀ ਜ਼ਿਲ੍ਹੇ ਦੀ ਸਥਿਤੀ ਤੇ ਕੀਤੇ ਗਏ ਪ੍ਰਬੰਧਾਂ ਤੋਂ ਜਾਣੂੰ ਕਰਵਾਇਆ।ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਐਸ.ਐਸ.ਪੀ ਵਿਕਰਮਜੀਤ ਦੁੱਗਲ, ਪਿ੍ਰੰਸੀਪਲ ਗੁਰੂ ਨਾਨਕ ਮੈਡੀਕਲ ਕਾਲਜ ਡਾ. ਸੁਜਾਤਾ ਸ਼ਰਮਾ, ਜਿਲ੍ਹੇ ਦੇ ਨੋਡਲ ਅਧਿਕਾਰੀ ਡਾ. ਮਦਨ ਤੇ ਹੋਰ ਸਖਸ਼ੀਅਤਾਂ ਹਾਜਰ ਸਨ।
ਇਸ ਮੌਕੇ ਸਿਵਲ ਸਰਜਨ ਡਾ. ਪ੍ਰਭਜੋਤ ਕੌਰ ਜੌਹਲ ਨੇ ਦੱਸਿਆ ਕਿ ਸਿਹਤ ਵਿਭਾਗ ਹਸਪਤਾਲਾਂ ਦੇ ਨਾਲ-ਨਾਲ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਵਿਚ ਵੀ ਨਜ਼ਰ ਰੱਖ ਰਿਹਾ ਹੈ, ਜਿੱਥੇ ਵਿਦੇਸ਼ੀ ਵਫ਼ਦ ਆਇਆ ਹੋਵੇ ਜਾਂ ਉਨਾਂ ਦੇ ਬੱਚੇ ਕਿਸੇ ਵਿਦੇਸ਼ ਗਏ ਹੋਣ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਹੋਟਲਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਸ਼ੱਕੀ ਮਹਿਮਾਨ ਦੀ ਸੂਚਨਾ ਤਰੁੰਤ ਸਿਹਤ ਵਿਭਾਗ ਨੂੰ ਦੇਣ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਜਿਹੇ ਵਿਅਕਤੀ ਤੋਂ ਦੂਰ ਰਹਿਣ, ਜਿਸ ਨੂੰ ਖਾਂਸੀ, ਜ਼ੁਕਾਮ ਜਾਂ ਬੁਖਾਰ ਆਦਿ ਦੀ ਸ਼ਿਕਾਇਤ ਹੋਵੇ। ਘਰ ਵਿਚ ਵੀ ਜੇਕਰ ਕੋਈ ਅਜਿਹਾ ਮੈਂਬਰ ਜਾਂ ਮਹਿਮਾਨ ਆਇਆ ਹੈ, ਤਾਂ ਉਸ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ, ਤਾਂ ਜੋ ਉਸ ਨੂੰ ਵੱਖਰਾ ਰੱਖ ਕੇ ਇਲਾਜ ਕੀਤਾ ਜਾ ਸਕੇ।ਉਨਾਂ ਕਿਹਾ ਕਿ ਦਿਨ ਵਿਚ ਹੱਥਾਂ ਨੂੰ ਤਿੰਨ ਤੋਂ ਚਾਰ ਵਾਰ ਸਾਬੁਣ ਨਾਲ ਧੋਵੋ ਜਾਂ ਹੈਂਡ ਸੈਨੇਟਾਈਜ਼ਰ ਨਾਲ ਸਾਫ ਕਰੋ।ਉਨਾਂ ਦੱਸਿਆ ਕਿ ਇਸ ਦੇ ਮੁੱਢਲੇ ਲੱਛਣਾਂ ਵਿਚ ਬੁਖਾਰ, ਖਾਂਸੀ, ਸਾਹ ਲੈਣ ਵਿਚ ਮੁਸ਼ਿਕਲ, ਥਕਾਵਟ ਅਤੇ ਸਿਰ ਦਰਦ ਆਦਿ ਸ਼ਾਮਿਲ ਹਨ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਤੇ ਜ਼ਿੰਮੇਵਾਰੀ ਦਾ ਸਬੂਤ ਦੇਣ।
Punjab Post Daily Online Newspaper & Print Media