ਸਿਆਸੀ ਲੋਕ ਵੀ ਵੋਟਾਂ ਦੀ ਰਾਜਨੀਤੀ ਛੱਡ ਕੇ ਲੋਕਾਂ ਦੀ ਸੇਵਾ ‘ਚ ਨਿਤਰਣ – ਨੀਰਜ ਸਿਹਾਲਾ, ਜੈਦਕਾ
ਸਮਰਾਲਾ, 21 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਜਾਨਲੇਵਾ ਕਰੋਨਾ ਵਾਇਰਸ ਦਾ ਕਹਿਰ ਜੋ ਪੰਜਾਬ ਅੰਦਰ ਵੀ ਲਗਾਤਾਰ ਵਧ ਰਿਹਾ ਹੈ। ਉਸ ਤੋਂ
ਬਚਾਅ ਲਈ ਇਲਾਕੇ ਦੀ ਸਮਾਜਸੇਵੀ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਰਾਲਾ ਸ਼ਹਿਰ ਵਿੱਚ ਕਈ ਥਾਵਾਂ ‘ਤੇ ਸਾਫ ਸਫਾਈ (ਸੈਨੇਟਾਈਜ਼) ਦਾ ਬੀੜਾ ਚੁੱਕਿਆ ਹੈ।ਸੁਸਾਇਟੀ ਦੇ ਪ੍ਰਧਾਨ ਨੀਰਜ ਸਿਹਾਲਾ ਨੇ ਖੁਦ ਸਪਰੇਅ ਪੰਪ ਚੁੱਕ ਕੇ ਅਤੇ ਛਿੜਕਾਅ ਕਰਕੇ ਸਾਫ ਸਫਾਈ ਦੀ ਮੁਹਿੰਮ ਦਾ ਅਗਾਜ਼ ਸਿਵਲ ਹਸਪਤਾਲ ਸਮਰਾਲਾ ਤੋਂ ਕੀਤਾ।ਸੁਸਾਇਟੀ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਸ ਮੁਹਿੰਮ ਵਿੱਚ ਭਾਗ ਲੈਂਦੇ ਹੋਏ ਸਿਵਲ ਹਸਪਤਾਲ ਸਮਰਾਲਾ ਦੇ ਬਾਥਰੂਮਾਂ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ ਅਤੇ ਹਸਪਤਾਲ ਦੀਆਂ ਵੱਖ ਵੱਖ ਥਾਵਾਂ ‘ਤੇ ਸੈਨੇਟਾਈਜ਼ਰ ਨਾਲ ਛਿੜਕਿਆ ਅਤੇ ਦਾਖਲ ਮਰੀਜਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ।ਸੁਸਾਇਟੀ ਦੇ ਵਲੰਟੀਅਰਾਂ ਵਲੋਂ ਕਮਲ ਕੰਪਲੈਕਸ ਮਾਰਕੀਟ ਵਿੱਚ ਦੁਕਾਨਾਂ ਦੇ ਬਾਹਰ ਅਤੇ ਅੰਦਰ ਅਤੇ ਥਾਣਾ ਸਮਰਾਲਾ ਤੋਂ ਮੇਨ ਚੌਂਕ ਤੱਕ ਵੀ ਛਿੜਕਾਅ ਕੀਤਾ ਗਿਆ।
ਸੁਸਾਇਟੀ ਦੇ ਉਪ ਚੇਅਰਮੈਨ ਇੰਦਰੇਸ਼ ਜੈਦਕਾ ਨੇ ਐਸ.ਐਮ.ਓ ਸਮਰਾਲਾ ਨੂੰ ਵਿਸ਼ਵਾਸ਼ ਦਿਵਾਇਆ ਕਿ ਜੇਕਰ ਸਮਰਾਲਾ ਇਲਾਕੇ ਉਤੇ ਕੋਈ ਅਜਿਹੀ ਬਿਪਤਾ ਆਉਂਦੀ ਹੈ ਤਾਂ ਸਾਡੀ ਸੁਸਾਇਟੀ ਨਿਸ਼ਕਾਮ ਸੇਵਾ ਲਈ ਆਪਣੇ ਵਲੰਟੀਅਰ ਦੇਵੇਗੀ ਅਤੇ ਅਹੁਦੇਦਾਰ ਵੀ ਖੁਦ ਪੂਰਾ ਸਾਥ ਦੇਣਗੇ।ਸਹਿਯੋਗ ਲਈ ਐਸ.ਐਮ.ਓ ਸਮਰਾਲਾ ਨੇ ਸੁਸਾਇਟੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।ਪ੍ਰਧਾਨ ਨੀਰਜ਼ ਸਿਹਾਲਾ ਨੇ ਕਿਹਾ ਪ੍ਰਸਾਸ਼ਨ ਕੇਵਲ ਅਨਾਊਂਸਮੈਟਾਂ ਦੇ ਸਹਾਰੇ ਹੀ ਲੋਕਾਂ ਨੂੰ ਜਾਗਰੂਕ ਕਰਨ ਤੱਕ ਸੀਮਤ ਨਾ ਰਹੇ, ਸਗੋਂ ਸਮਰਾਲਾ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿੱਚ ਸੈਨੇਟਾਈਜ਼ਰ ਦਾ ਛਿੜਕਾਅ ਵੀ ਕਰਵਾਵੇ। ਉਨ੍ਹਾਂ ਕਿਹਾ ਕਿ ਸਾਡੇ ਸਿਆਸੀ ਨੇਤਾ ਜੋ ਵੋਟਾਂ ਵੇਲੇ ਤਾਂ ਆਮ ਲੋਕਾਂ ਵਿੱਚ ਆ ਜਾਂਦੇ ਹਨ, ਪ੍ਰੰਤੂ ਕਿਸੇ ਬਿਪਤਾ ਮੌਕੇ ਚੁੱਪ ਧਾਰੀ ਬੈਠੇ ਰਹਿੰਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਦਰਸ਼ੀ ਸਮਰਾਲਾ, ਵਰਿੰਦਰ ਦਿਓਲ, ਅੰਤਰਜੋਤ ਸਿੰਘ, ਲਖਵੀਰ ਬਾਠ, ਮੁਨੀਸ਼ ਸਿਹਾਲਾ, ਪਾਲ ਅਹੂਜਾ, ਦੀਪਕ ਭਾਰਦਵਾਜ, ਇੰਦਰਜੀਤ ਸਿੰਘ ਕੰਗ, ਐਡਵੋਕੇਟ ਵਿਨੈ ਕਸ਼ੱਅਪ, ਸਿਕੰਦਰ ਸਿੰਘ, ਮਨੋਜ ਤਿਵਾੜੀ, ਕ੍ਰਿਸ਼ਨ ਲਾਲ, ਸੰਜੀਵ ਕੁਮਾਰ ਮੋਨੀ, ਪਵਨਦੀਪ, ਰਮਨਦੀਪ ਆਦਿ ਹਾਜਰ ਸਨ।
Punjab Post Daily Online Newspaper & Print Media