ਕੋਰੋਨਾ ਵਾਇਰਸ ਦੀ ਜਾਗਰੂਕਤਾ ਬਾਰੇ ਲਵਾਏ ਬੈਨਰ
ਧੂਰੀ, 21 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਥਾਣਾ ਸਿਟੀ ਧੂਰੀ ਦੇ ਮੁਖੀ ਆਈ.ਪੀ.ਐਸ ਆਦਿਤਿਯਾ ਨੇ ਆਪਣੇ ਸਹਿਯੋਗੀ ਪੁਲਿਸ ਅਧਿਕਾਰੀਆਂ ਅਤੇ
ਕਰਮਚਾਰੀਆਂ ਨੂੰ ਨਾਲ ਲੈ ਕੇ ਅੱਜ ਰੇਲਵੇ ਸਟੇਸ਼ਨ ਧੂਰੀ ਦਾ ਜਾਇਜਾ ਲੈਂਦਿਆਂ ਉਥੇ ਕੋਰੋਨਾ ਵਾਇਰਸ ਦੀ ਜਾਗਰੂਕਤਾ ਬਾਰੇ ਬੈਨਰ ਲਗਵਾਏ ਅਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਨਤਾ ਕਰਫਿਊ ਵਿੱਚ ਸਹਿਯੋਗ ਦਿੰਦੇ ਹੋਏ 22 ਮਾਰਚ ਨੂੰ ਆਪਣੇ-ਆਪਣੇ ਘਰਾਂ ਵਿੱਚ ਰਹਿਣ ਤਾਂ ਜੋ ਉਹ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਬਚ ਸਕਣ।ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਆਂਢ-ਗੁਆਂਢ ਵਿੱਚ ਖੰਘ, ਜ਼ੁਖਾਮ ਦਾ ਕੋਈ ਸ਼ੱਕੀ ਮਰੀਜ਼ ਜਾਂ ਕੋਈ ਬਾਹਰਲੇ ਮੁਲਕਾਂ ਤੋਂ ਆਇਆ ਵਿਅਕਤੀ ਬੀਮਾਰ ਦੇਖਣ ਨੂੰ ਮਿਲਦਾ ਹੈ ਤਾਂ ਇਸ ਦੀ ਸੂਚਨਾ ਥਾਣਾ ਸਿਟੀ ਧੂਰੀ ਵਿਖੇ ਦਿੱਤੀ ਜਾਵੇ ਤਾਂ ਜੋ ਅਜਿਹੇ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਉਹਨਾਂ ਦੀ ਮੈਡੀਕਲ ਜਾਂਚ ਕਰਵਾਈ ਜਾ ਸਕੇ।ਉਹਨਾਂ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਮਾਰਕਿਟ ਵਿੱਚ ਜਰੂਰੀ ਵਸਤਾਂ ਦੀ ਕਾਲਾਬਜ਼ਾਰੀ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਕੇ ਕਾਲਾਬਜ਼ਾਰੀ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media