
ਨਵੀਂ ਦਿੱਲੀ, 6 ਅਕਤੂਬਰ (ਅੰਮ੍ਰਿਤ ਲਾਲ ਮੰਨਣ) ਨਿੱਜੀ ਯਾਤਰਾ ‘ਤੇ ਕੈਨੇਡਾ ਦੇ ਦੌਰੇ ‘ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸਤਨਾਮ ਐਜੂਕੇਸ਼ਨ ਸੋਸਾਇਟੀ ਵੱਲੋਂ ਉਸਾਰੇ ਗਏ ਖਾਲਸਾ ਸੈਕੇਂਡਰੀ ਸਕੂਲ ਸਰੀ, ਬ੍ਰਿਟੀਸ਼ ਕੋਲੰਬੀਆ ਦਾ ੳਦਘਾਟਨ ਕੀਤਾ।ਸੋਸਾਇਟੀ ਦੇ ਡਾਇਰੈਕਟਰ ਰਿਪਰਦੁਮਨ ਸਿੰਘ ਮਲਿਕ ਦੇ ਵਿਸ਼ੇਸ਼ ਸੱਦੇ ਤੇ ਉਦਘਾਟਨ ਦੌਰਾਨ ਪੁੱਜੇ ਜੀ.ਕੇ ਨੇ ਸਕੂਲ ਵਿਚ ਵਧੀਆ ਤਰੀਕੇ ਨਾਲ ਬਣਾਏ ਗਏ ਆਡੀਟੋਰੀਅਮ, ਜਿਮ, ਫੁੱਟਬਾਲ ਦਾ ਮੈਦਾਨ, 400 ਮੀਟਰ ਦਾ ਅਥਲੈਟਿਕ ਟ੍ਰੈਕ ਅਤੇ ਕਲਾਸ ਰੂਮ ਦਾ ਜਾਇਜ਼ਾ ਲੈਣ ਉਪਰੰਤ ਮਿਆਰੀ ਪੰਥਕ ਸਿੱਖਿਆ ਦੇਣ ਲਈ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਕਈ ਦਹਾਕਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਨੂੰ ਕੈਨੇਡਾ ਦੀ ਧਰਤੀ ਤੇ ਮਿਲੇ ਭਰਵੇਂ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਜਤਾਉਂਦੇ ਹੋਏ ਜੀ.ਕੇ ਨੇ ਜਿਥੇ ਖਾਲਿਸਤਾਨ ਸਮੱਰਥਕ ਸਿੱਖਾਂ ਵੱਲੋਂ ਅਕਾਲੀ ਦਲ ਦੀ ਮੌਜੂਦਾ ਲੀਡਰਸ਼ੀਪ ਦੀ ਪੰਥਕ ਕਾਰਗੁਜ਼ਾਰੀ ਤੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਪ੍ਰਤੀ ਗੰਭੀਰਤਾ ਸਬੰਧੀ ਪੁੱਛੇ ਗਏ ਸਵਾਲਾਂ ਦੇ ਡੱਟਵੇਂ ਜਵਾਬ ਦਿੱਤੇ, ਉਥੇ ਨਾਲ ਹੀ ਭਾਰਤ ਦੇ ਸਵਿਧਾਨ ਵਿੱਚ ਆਸਥਾ ਜਤਾਉਣ ਵਾਲੇ ਸਿੱਖਾਂ ਨੂੰ ਦੇਸ਼ ਪਰਤਨ ਦਾ ਸੱਦਾ ਵੀ ਦਿੱਤਾ।ਵੱਖ-ਵੱਖ ਜਥੇਬੰਦੀਆਂ ਵੱਲੋਂ ਜੀ.ਕੇ ਨਾਲ ਮੁਲਾਕਾਤ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਿਦੇਸ਼ ਵਿੱਚ ਕਰਨ ਵਾਸਤੇ ਲਗਾਏ ਜਾਣ ਵਾਲੇ ਸੰਭਾਵੀ ਛਾਪੇਖਾਨੇ ਲਈ ਵੀ ਧੰਨਵਾਦ ਜਤਾਇਆ ਗਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media