Thursday, February 26, 2026

ਕੈਪਟਨ ਵਲੋਂ ਮੁਸ਼ਕਲਾਂ ਘਟਾਉਣ ਲਈ ਕਰਫਿਊ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ

ਕਰਿਆਨੇ ਤੇ ਦਵਾਈਆਂ ਦੀਆਂ ਦੁਕਾਨਾਂ ਵਾਰੋ-ਵਾਰੀ ਖੋਲਣ ਅਤੇ ਦੁੱਧ ਤੇ ਸਬਜ਼ੀਆਂ ਘਰ-ਘਰ ਪਹੁੰਚਾਉਣ ਦੇ ਹੁਕਮ

ਚੰਡੀਗੜ੍ਹ, 24 ਮਾਰਚ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੇ ਸੰਕਟ ਨਾਲ ਨਿਪਟਣ ਲਈ ਮੁਕੰਮਲ ਕਰਫਿਊ ਤੋਂ ਇਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ Captain Amrinderਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਘਟਾਉਣ ਲਈ ਕਈ ਕਦਮਾਂ ਦਾ ਐਲਾਨ ਕੀਤਾ ਹੈ।ਇਸ ਦੇ ਨਾਲ ਹੀ ਉਨਾਂ ਨੇ ਸਥਿਤੀ ਨੂੰ ਹੋਰ ਪ੍ਰਭਾਵੀ ਤਰੀਕੇ ਨਾਲ ਸੰਭਾਲਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਲਈ ਵੀ ਕੁੱਝ ਐਲਾਨ ਕੀਤੇ ਹਨ।
               ਮੁੱਖ ਮੰਤਰੀ ਨੇ ਕਿਹਾ ਕਿ ਕਰਫਿਊ ਨੂੰ ਜਾਰੀ ਰੱਖਣਾ ਜ਼ਰੂਰੀ ਹੈ ਅਤੇ ਇਸ ਨੂੰ ਚੰਗਾ ਹੁੰਗਾਰਾ ਵੀ ਮਿਲਿਆ ਹੈ, ਪਰ ਇਸ ਦੇ ਨਾਲ ਹੀ ਨਾਗਰਿਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਘਟਾਉਣ ਦੀ ਵੀ ਲੋੜ ਹੈ।ਉਨਾਂ ਕਿਹਾ ਕਿ ਕਰਫਿਊ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਪੂਰੀ ਤਰਾਂ ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਸਖ਼ਤੀ ਨਾਲ ਲਾਗੂ ਕੀਤੇ ਜਾਣਗੇ ਅਤੇ ਡਿਪਟੀ ਕਮਿਸ਼ਨਰ ਹੀ ਇਹ ਯਕੀਨੀ ਬਣਾਉਣਗੇ ਕਿ ਜ਼ਰੂਰੀ ਸਾਮਾਨ ਦੀ ਸਪਲਾਈ ਅਤੇ ਸੇਵਾਵਾਂ ਲੋਕਾਂ ਦੀ ਪਹੁੰਚ ਵਿੱਚ ਹੋਵੇ।
            ਮੁੱਖ ਮੰਤਰੀ ਨੇ ਕਿਹਾ ਕਿ ਦੂਰੀ ਬਣਾਈ ਰੱਖਣਾ ਅਤੇ ਕਰੋਨਾ ਪ੍ਰਭਾਵਿਤ ਮੁਲਕਾਂ ਤੋਂ ਵਾਪਸ ਆਉਣ ਵਾਲੇ ਸਾਰੇ ਲੋਕਾਂ ਨੂੰ ਲੱਭਣਾ ਤੇ ਉਨਾਂ ਦੀ ਜਾਂਚ ਕਰਨਾ ਲਾਜ਼ਮੀ ਹੈ।ਉਨਾਂ ਕਿਹਾ ਕਿ ਹਾਲ ਹੀ ਦੇ ਦਿਨਾਂ ‘ਚ ਸੂਬੇ ਵਿੱਚ 94000 ਐਨ.ਆਰ.ਆਈ ਅਤੇ ਵਿਦੇਸ਼ੀ ਪਰਤੇ ਹਨ ਅਤੇ ਇਨਾਂ ਵਿੱਚੋਂ ਬਹੁਤਿਆਂ ਦਾ ਪਤਾ ਕਰ ਲਿਆ ਗਿਆ ਹੈ ਅਤੇ ਲਗਭਗ 30000 ਨੂੰ ਇਕਾਂਤ ਵਿੱਚ ਰੱਖਿਆ ਗਿਆ ਹੈ।ਉਨਾਂ ਕਿਹਾ ਕਿ ਬਾਕੀਆਂ ਨੂੰ ਵੀ ਲੱਭਣ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ’ਚੋਂ ਆਉਣ ਵਾਲੇ ਕਿਸੇ ਵੀ ਨਵੇਂ ਵਿਅਕਤੀ ’ਤੇ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ।
           ਮੁੱਖ ਮੰਤਰੀ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 188 ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।ਮੁੱਖ ਮੰਤਰੀ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ 48000 ਵਿਅਕਤੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਾਹਰ ਨਿਕਲਣ ਤੋਂ ਰੋਕਣ ਲਈ ਕਰੜੀ ਨਜ਼ਰ ਰੱਖੀ ਜਾ ਰਹੀ ਹੈ।ਉਨਾਂ ਕਿਹਾ ਘਰੇਲੂ ਇਕਾਂਤਵਾਸ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਸਰਪੰਚ ਜਾਂ ਨੰਬਰਦਾਰ ਇਲਾਕਾ ਮੈਜਿਸਟ੍ਰੇਟ, ਡੀ.ਐਸ.ਪੀ ਜਾਂ ਐਸ.ਐਚ.ਓ ਨੂੰ ਰਿਪੋਰਟ ਕੀਤਾ ਜਾਵੇ ਜਾਂ ਫਿਰ 112 ਨੰਬਰ ’ਤੇ ਪੁਲਿਸ ਨੂੰ ਕਾਲ ਕਰਕੇ ਦੱਸਿਆ ਜਾਵੇ।
             ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਹਾਲਤਾਂ ਵਿੱਚ ਲੋਕਾਂ ਵਲੋਂ ਹੰਢਾਈਆਂ ਜਾ ਰਹੀਆਂ ਸਮੱਸਿਆਵਾਂ ਨੂੰ ਉਹ ਸਮਝਦੇ ਹਨ ਅਤੇ ਉਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਹੈ ਕਿ ਜਿਥੇ ਵੀ ਸੰਭਵ ਹੋਵੇ ਪਹਿਲਾਂ ਹੀ ਸ਼ਨਾਖ਼ਤ ਕੀਤੇ ਹਾਕਰਾਂ, ਵਿਕ੍ਰੇਤਾਵਾਂ ਰਾਹੀਂ ਕਰਿਆਨਾ, ਦੁੱਧ, ਫਲ ਅਤੇ ਸਬਜ਼ੀਆਂ ਵਰਗੀਆਂ ਜ਼ਰੂਰੀ ਵਸਤਾਂ ਨੂੰ ਘਰ-ਘਰ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ।ਇਸੇ ਤਰਾਂ ਕਰਫਿਊ ਪ੍ਰਬੰਧਨ ਪ੍ਰਣਾਲੀ ਦੀ ਲੜੀ ਵਜੋਂ ਐਸ.ਡੀ.ਐਮ ਜਾਂ ਇਲਾਕਾ ਮੈਜਿਸਟ੍ਰੇਟ ਵਲੋਂ ਹਰੇਕ ਸਵੇਰ ਦੁੱਧ, ਬਰੈਡ, ਬਿਸਕੁੱਟ, ਆਂਡੇ ਅਤੇ ਹੋਰ ਸਬੰਧਤ ਵਸਤਾਂ ਘਰਾਂ ਵਿੱਚ ਪਹੁੰਚਾਉਣ ਲਈ ਰੇਹੜੀ ਵਾਲਿਆਂ ਨੂੰ ਮਨੋਨੀਤ ਕੀਤਾ ਜਾਵੇ।
                ਮੁੱਖ ਮੰਤਰੀ ਨੇ ਦੱਸਿਆ ਕਰਫਿਊ ਪ੍ਰਬੰਧਨ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਆਮ ਛੋਟ ਮੁਕੰਮਲ ਤੌਰ ’ਤੇ ਵਰਜ਼ਿਤ ਹੈ ਅਤੇ ਕਰਫਿਊ ਪਾਸ ਤੋਂ ਬਿਨਾਂ ਕਿਸੇ ਵੀ ਵਾਹਨ ਦੇ ਚੱਲਣ ਦੀ ਇਜਾਜ਼ਤ ਨਹੀਂ ਹੈ।ਸਿਰਫ਼ ਹੰਗਾਮੀ ਸਮੇਂ ਦੇ ਮੌਕੇ ਲੋਕ ਕਰਿਆਨਾ, ਦੁੱਧ, ਫਲ ਤੇ ਸਬਜ਼ੀਆਂ ਅਤੇ ਦਵਾਈਆਂ/ਕੈਮਿਸਟਾਂ ਕੋਲ ਪੈਦਲ ਜਾ ਸਕਦੇ ਹਨ ਅਤੇ ਡਾਕਟਰਾਂ ਕੋਲ ਜਾਂ ਨਰਸਿੰਗ ਹੋਮ ਵੀ ਜਾ ਸਕਦੇ ਹਨ।
                  ਮੁੱਖ ਮੰਤਰੀ ਨੇ ਕਿਹਾ ਕਿ ਘਰਾਂ ਵਿੱਚ ਸਾਮਾਨ ਪਹੁੰਚਾਉਣ ਅਤੇ ਇਜਾਜ਼ਤ ਦੇਣ, ਜਿਥੇ ਵੀ ਲੋੜ ਹੋਵੇ, ਲਈ ਡਿਪਟੀ ਕਮਿਸ਼ਨਰ ਫੋਨ ਨੰਬਰਾਂ ਦੀ ਜਾਣਕਾਰੀ ਦਾ ਪਸਾਰ ਕਰਨਗੇ ਜਿਸ ਤਹਿਤ ਮੈਡੀਕਲ ਸਹਾਇਤਾ ਅਤੇ ਹੋਰ ਜ਼ਰੂਰਤਾਂ ਆਦਿ ਲਈ ਅਸਥਾਈ ਤੌਰ ’ਤੇ ਬਾਹਰ ਜਾਣ ਵਾਸਤੇ ਇਜਾਜ਼ਤ ਦੇਣਗੇ।ਹੰਗਾਮੀ ਸਥਿਤੀ ਦੀ ਸੂਰਤ ਵਿੱਚ ਕੋਈ ਵੀ ਨਾਗਰਿਕ ਜਾਂ ਵਾਸੀ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਹਾਸਲ ਕਰਨ ਲਈ ਪੁਲਿਸ ਜਾਂ ਸਿਵਲ ਕੰਟਰੋਲ ਰੂਮ ’ਤੇ ਕਾਲ ਕਰ ਸਕਦਾ ਹੈ।
               ਮੁਖ ਮੰਤਰੀ ਨੇ ਕਿਹਾ ਕਿ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਨਾਗਰਿਕਾਂ ਨੂੰ ਨਾ ਤਾਂ ਕੋਈ ਮੁਸ਼ਕਲ ਪੇਸ਼ ਆਵੇ ਤੇ ਨਾ ਹੀ ਇਸ ਔਖੇ ਸਮੇਂ ਵਿੱਚ ਉਹ ਤੰਗ-ਪ੍ਰੇਸ਼ਾਨ ਹੋਣ।
                ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਕ੍ਰਮਵਾਰ ਸਬਜ਼ੀਆਂ ਅਤੇ ਕਰਿਆਨੇ ਨੂੰ ਘਰ-ਘਰ ਪਹੁੰਚਾਉਣ ਸਬੰਧੀ ਪ੍ਰਣਾਲੀ ਨੂੰ ਅਮਲ ਵਿੱਚ ਲਿਆਉਣ ਨੂੰ ਯਕੀਨੀ ਬਣਾਉਣ ਲਈ ਜ਼ਿਲਾ ਮੰਡੀ ਅਫਸਰਾਂ/ਮਾਰਕੀਟ ਕਮੇਟੀ ਸਕੱਤਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਕਿ ਕਰਫਿਊ ਦੌਰਾਨ ਢਿੱਲ ਦੇ ਨਾਲ ਵੱਡੀ ਗਿਣਤੀ ’ਚ ਲੋਕ ਦੁਕਾਨਾਂ ’ਤੇ ਨਾ ਜੁੜਨ ਕਿਉਂ ਜੋ ਇਸ ਨਾਲ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਹੋ ਸਕਦੀ ਹੈ।ਉਨਾਂ ਸੁਝਾਅ ਦਿੱਤਾ ਕਿ ਕੁਝ ਵੱਡੇ ਮਾਲ ਅਤੇ ਕਾਰੋਬਾਰੀ ਵੀ ਘਰ-ਘਰ ਸਾਮਾਨ ਪਹੁੰਚਾਉਣ ਦੇ ਕੰਮ ਵਿੱਚ ਨਾਲ ਜੋੜੇ ਜਾ ਸਕਦੇ ਹਨ।
            ਮੁੱਖ ਮੰਤਰੀ ਨੇ ਕਿਹਾ ਕਿ ਕਰਿਆਨੇ ਦੀਆਂ ਦੁਕਾਨਾਂ, ਦੁੱਧ ਵਿਕ੍ਰੇਤਾਵਾਂ, ਫਲ ਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਕੈਮਿਸਟਾਂ ਨੂੰ ਆਪਣੀਆਂ ਦੁਕਾਨਾਂ ਖੋਲਣ ਲਈ ਆਮ ਇਜਾਜ਼ਤ ਦੇਣ ਦੀ ਬਜ਼ਾਏ ਉਨਾਂ ਨੂੰ ਵਾਰੀ ਸਿਰ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਗਿਆ ਹੈ।ਇਕ ਸਮੇਂ ’ਤੇ ਸਬੰਧਤ ਇਲਾਕੇ ਵਿੱਚ ਘੱਟੋ-ਘੱਟ ਇਕ ਦੁਕਾਨ ਖੁੱਲੇ।ਅਜਿਹੀਆਂ ਦੁਕਾਨਾਂ ਨੂੰ ਕਾਲ ਕਰਨ ’ਤੇ ਘਰ-ਘਰ ਸਾਮਾਨ ਪਹੁੰਚਾਉਣ ਦੀ ਵੀ ਆਗਿਆ ਹੋਵੇਗੀ।ਇਜਾਜ਼ਤ ਨਾਲ ਖੁੱਲਣ ਵਾਲੀਆਂ ਦੁਕਾਨਾਂ ’ਤੇ ਬਹੁਤੀ ਭੀੜ ਨੂੰ ਰੋਕਣ ਅਤੇ ਲੋੜੀਂਦੀ ਦੂਰੀ ਬਣਾਈ ਰੱਖਣ ਲਈ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਨੂੰ ਯਕੀਨੀ ਬਣਾਉਣ ਵਾਸਤੇ 1 ਜਾਂ 2 ਪੁਲਿਸ ਵਾਲਿਆਂ ਦੀ ਨਿਗਰਾਨੀ ਹੇਠ ਕੰਮ ਕੀਤਾ ਜਾਣਾ ਚਾਹੀਦਾ ਹੈ।
               ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਆਮ ਲੋਕਾਂ ਅਤੇ ਖਾਸ ਕਰਕੇ ਕਮਜ਼ੋਰ ਤਬਕਿਆਂ ਦੀਆਂ ਸਾਰੀਆਂ ਜਾਇਜ਼ ਲੋੜਾਂ ਦੀ ਪੂਰਤੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਉਨਾਂ ਨੇ ਦੁਹਰਾਉਂਦਿਆਂ ਆਖਿਆ ਕਿ ਮੌਜੂਦਾ ਹਾਲਤਾਂ ‘ਚ ਕਰਫਿਊ ਲਾਉਣਾ ਜ਼ਰੂਰੀ ਸੀ ਅਤੇ ਉਨਾਂ ਨੇ ਲੋਕਾਂ ਨੂੰ ਆਪਣੇ ਸੂਬੇ ਅਤੇ ਮੁਲਕ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …