ਸਰਬੱਤ ਦਾ ਭਲਾ ਟਰੱਸਟ ਲੋੜਵੰਦਾਂ ਨੂੰ ਰਾਸ਼ਨ ਵੰਡਣ ਲਈ ਪਹਿਲੇ ਪੜਾਅ `ਚ ਖਰਚੇਗਾ 40 ਲੱਖ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਮਾਜ ਸੇਵਕ ਡਾ.ਐਸ.ਪੀ ਸਿੰਘ ਉਬਰਾਏ ਨੇ ਪੂਰੀ ਦੁਨੀਆਂ
ਅੰਦਰ ਦਹਿਸ਼ਤ ਫੈਲਾਉਣ ਵਾਲੇ ਕਰੋਨਾ ਵਾਇਰਸ ਦੀ ਲਾਗ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਔਖੀ ਘੜੀ `ਚ ਬਾਂਹ ਫੜਦਿਆਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁੱਖੀਆਂ ਰਾਹੀਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਲਈ 40 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ ਸਿੰਘ ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਹਿਲੇ ਪੜਾਅ ਤਹਿਤ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਜ਼ਿਲ੍ਹਿਆਂ ਦੇ ਮੁੱਖੀਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਰਕਮ ਭੇਜੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪੈਸਿਆਂ ਨਾਲ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀ ਲੋੜਵੰਦ ਦਿਹਾੜੀਦਾਰ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਲਈ ਖਰਚ ਕਰਨਗੇ।ਉਨ੍ਹਾਂ ਦੱਸਿਆ ਕਿ ਇਸ ਪੈਸੇ ਦੀ ਵਰਤੋਂ ਲਈ ਪ੍ਰਸ਼ਾਸ਼ਨ ਟਰੱਸਟ ਦੀ ਸਥਾਨਕ ਜ਼ਿਲ੍ਹਾ ਇਕਾਈ ਨਾਲ ਤਾਲਮੇਲ ਕਰੇਗਾ ਅਤੇ ਪ੍ਰਸ਼ਾਸ਼ਨ ਵੱਲੋਂ ਖਰੀਦੇ ਸਾਮਾਨ ਦੀ ਜ਼ਿਲ੍ਹਾ ਇਕਾਈ ਵੱਲੋਂ ਪੁਸ਼ਟੀ ਕਰਨ ਉਪਰੰਤ ਪੈਸੇ ਸਪਲਾਇਰ ਦੇ ਖਾਤੇ ਵਿੱਚ ਸਿੱਧੇ ਭੇਜ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਿੱਚ ਮਜੀਠਾ,ਬਟਾਲਾ,ਜਗਰਾਉਂ ਅਤੇ ਖੰਨਾ ਪੁਲਿਸ ਜ਼ਿਲ੍ਹੇ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ।
ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ 40 ਲੱਖ ਰੁਪਏ ਖਰਚਣ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਡਿਪਟੀ ਕਮਿਸ਼ਨਰਾਂ,ਸਿਵਲ ਸਰਜਨਾਂ ਤੇ ਪੁਲਸ ਮੁੱਖੀਆਂ ਦੀ ਮੰਗ ਤੇ ਟਰੱਸਟ ਵੱਲੋਂ ਲੋੜ ਅਨੁਸਾਰ ਵੈਂਟੀਲੇਟਰ,ਮਰੀਜ਼ ਦੇ ਸਾਹ ਲੈਣ `ਚ ਸਹਾਈ ਹੋਣ ਵਾਲੇ ਉਪਕਰਨ, ਸੈਨੀਟਾਈਜ਼ਰ,ਮਾਸਕ ਅਤੇ ਹੋਰ ਲੋੜੀਂਦਾ ਸਾਮਾਨ ਵੀ ਭੇਜਿਆ ਜਾ ਰਿਹਾ ਹੈ। ਜਿਸ ਤਹਿਤ ਲਗਭਗ ਹਰੇਕ ਜ਼ਿਲ੍ਹੇ ਦੇ ਪੁਲਿਸ ਪ੍ਰਬੰਧਨ ਨੂੰ ਸੈਨੀਟਾਈਜ਼ਰ ਭੇਜ ਦਿੱਤੇ ਗਏ ਹਨ ਤੇ ਹੋਰ ਵੀ ਭੇਜੇ ਜਾ ਰਹੇ ਹਨ। ਇਸ ਤੋਂ ਇਲਾਵਾ ਟਰੱਸਟ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ ਤੇ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰਾਂ ਦੀ ਮੰਗ ਤੇ ਟਰੱਸਟ ਵੱਲੋਂ 2-2 ਵੈਂਟੀਲੇਟਰਾਂ ਦੀ ਖ਼੍ਰੀਦ ਦਾ ਆਰਡਰ ਵੀ ਕੀਤਾ ਜਾ ਚੁੱਕਾ ਹੈ,ਜੋ ਬਹੁਤ ਹੀ ਜਲਦ ਸਬੰਧਤ ਜ਼ਿਲ੍ਹਿਆਂ ਅੰਦਰ ਪਹੁੰਚ ਜਾਣਗੇ।ਇਸ ਤੋਂ ਬਿਨਾਂ ਕੁਝ ਜ਼ਿਲ੍ਹਿਆਂ ਅੰਦਰ ਟਰੱਸਟ ਵੱਲੋਂ ਇਨਫਰਾਰੈੱਡ ਥਰਮਾਮੀਟਰ ਵੀ ਭੇਜੇ ਗਏ ਹਨ ਅਤੇ ਸਿਵਲ ਸਰਜਨਾਂ ਵੱਲੋਂ ਮੰਗ ਕਰਨ ਤੇ ਹੋਰ ਵੀ ਭੇਜੇ ਜਾ ਰਹੇ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਬੇਸ਼ੱਕ ਟਰੱਸਟ ਵੱਲੋਂ ਆਪਣੇ ਸਿਲਾਈ ਕੇਂਦਰਾਂ ਅੰਦਰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਟਰੱਸਟ ਦੇ ਸਿਲਾਈ ਅਧਿਆਪਕ ਆਪਣੇ ਘਰਾਂ ਅੰਦਰ ਮਾਸਕ ਤਿਆਰ ਕਰਕੇ ਪ੍ਰਸ਼ਾਸ਼ਨ ਰਾਹੀਂ ਲੋੜਵੰਦ ਲੋਕਾਂ ਤੱਕ ਮੁਫਤ ਪਹੁੰਚਾ ਰਹੇ ਹਨ ।
ਡਾ. ਐਸ.ਪੀ ਸਿੰਘ ਓਬਰਾਏ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਸਮੇਂ-ਸਮੇਂ `ਤੇ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ `ਤੇ ਅਮਲ ਕਰਦਿਆਂ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਇਸ ਨਾਮੁਰਾਦ ਬਿਮਾਰੀ ਤੋਂ ਬਚਾਅ ਕਰਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media