ਪੁਲਿਸ ਮੁਲਾਜ਼ਮਾਂ ਉਤੇ ਕੀਤਾ ਗਿਆ ਹਮਲਾ ਅਤਿ ਨਿੰਦਣਯੋਗ – ਬਾਬਾ ਹਾਕਮ ਸਿੰਘ
ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਟਿਆਲਾ ਜਿਲੇ ਵਿਚ ਨਿਹੰਗਾਂ ਦੇ ਬਾਣੇ ਵਿਚ ਆਏ ਬਹੁ-ਰੂਪੀਆਂ ਵਲੋਂ ਡਿਊਟੀ ਕਰ ਰਹੇ ਪੁਲਿਸ ਮਲਾਜ਼ਮਾਂ ਉ
ਤੇ ਕੀਤੇ ਗਏ ਹਮਲੇ ਦੀ ਨਿੰਦਾ ਕਰਦੇ ਕਾਰ ਸੇਵਾ ਸੰਪਰਦਾਇ ਸਰਹਾਲੀ ਸਾਹਿਬ ਦੇ ਉਪ ਮੁਖੀ ਬਾਬਾ ਹਾਕਮ ਸਿੰਘ ਨੇ ਇਸ ਹਮਲੇ ਦੌਰਾਨ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।ਸ਼ਿਵਪੁਰੀ (ਮੱਧ ਪ੍ਰਦੇਸ਼) ਵਿਚ ਬੈਠੇ ਬਾਬਾ ਹਾਕਮ ਸਿੰਘ ਨੇ ਫੋਨ ‘ਤੇ ਗੱਲ ਕਰਦੇ ਕਿਹਾ ਕਿ ਸੰਕਟ ਦੇ ਇਸ ਸਮੇਂ ਸਮੁੱਚੀ ਪੰਜਾਬ ਸਰਕਾਰ ਰਾਜ ਦੇ ਲੋਕਾਂ ਦੀ ਹਿਫਾਜ਼ਤ ਵਿਚ ਲੱਗੀ ਹੋਈ ਹੈ, ਜਿਸ ਵਿਚ ਪੰਜਾਬ ਪੁਲਿਸ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਹੀ ਹੈ।ਉਨਾਂ ਕਿਹਾ ਕਿ ਸਰਕਾਰ ਵਲੋਂ ਲਗਾਇਆ ਗਿਆ ਕਰਫਿਊ ਲੋਕਾਂ ਦੇ ਭਲੇ ਲਈ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੀ ਆਪ ਪਾਲਣਾ ਕਰਨੀ ਚਾਹੀਦੀ ਹੈ, ਨਾ ਕਿ ਪੁਲਿਸ ਦੇ ਡੰਡੇ ਨੂੰ ਉਡੀਕਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਇੰਨਾਂ ਨਿਹੰਗ ਬਾਣੇ ਵਿਚ ਆਏ ਵਿਅਕਤੀਆਂ ਨੇ ਲੋਕਾਂ ਦੀ ਰੱਖਿਆ ਲਈ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਉਤੇ ਹਮਲਾ ਕਰਕੇ ਕਾਇਰਤਾ ਦਾ ਸਬੂਤ ਦਿੱਤਾ ਹੈ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਉਨਾਂ ਆਈ.ਜੀ ਪਟਿਆਲਾ ਜਤਿੰਦਰ ਸਿੰਘ ਔਲਖ ਤੇ ਜਿਲਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਨੂੰ ਵਧਾਈ ਦਿੱਤੀ, ਜਿੰਨਾ ਨੇ ਬਿਨਾਂ ਕਿਸੇ ਮਰਯਾਦਾ ਭੰਗ ਕੀਤੇ ਅਤੇ ਬਿਨਾਂ ਕਿਸੇ ਜਾਨੀ-ਮਾਲੀ ਨੁਕਸਾਨ ਦੇ ਸਾਰੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਿਲ ਕਰ ਲਈ।ਉਨਾਂ ਕਿਹਾ ਕਿ ਕਰਫਿਊ ਹਟਣ ਮਗਰੋਂ ਉਹ ਸਿੱਧਾ ਜ਼ਿਲਾ ਪੁਲਿਸ ਮੁੱਖੀ ਪਟਿਆਲਾ ਨੂੰ ਮਿਲ ਕੇ ਜਿੱਥੇ ਉਨਾਂ ਨੂੰ ਇਸ ਕਾਮਯਾਬੀ ਲਈ ਸਨਮਾਨਿਤ ਕਰਨਗੇ ਉਥੇ ਇਕ ਲੱਖ ਰੁਪਏ ਸੌਂਪਣਗੇ।
Punjab Post Daily Online Newspaper & Print Media