ਸਟਿਕਰਾਂ `ਤੇ ਦਰਜ ਮਿਤੀ ਅਨੁਸਾਰ ਕਿਸਾਨ ਮੰਡੀਆਂ ਵਿਚ ਫ਼ਸਲ ਲੈ ਕੇ ਆਉਣਗੇ
ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਹਾੜ੍ਹੀ ਸੀਜ਼ਨ ਦੇ ਮੱਦੇਨਜ਼ਰ
ਪੰਜਾਬ ਮੰਡੀ ਬੋਰਡ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਰਾਹੀਂ ਕਣਕ ਦੀ ਖਰੀਦ ਕਾਰਜ਼ਾਂ ਲਈ ਕਰਫ਼ਿਊ ਤੋਂ ਛੋਟ ਦਿੱਤੀ ਗਈ ਹੈ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕਿਸਾਨ ਸਰਕਾਰ ਵਲੋਂ ਨਿਸ਼ਚਿਤ ਸਮੇਂ ਵਿੱਚ ਹੀ ਮੰਡੀ ਵਿੱਚ ਫ਼ਸਲ ਲਿਆ ਸਕਣਗੇ ਸਕੱਤਰ ਮਾਰਕੀਟ ਕਮੇਟੀ ਆਪੋ ਆਪਣੇ ਖੇਤਰ ਨਾਲ ਸਬੰਧਤ ਆੜ੍ਹਤੀਆਂ ਨੂੰ ਹੋਲੋਗ੍ਰਾਮ ਵਾਲਾ ਸਟੀਕਰ ਜ਼ਾਰੀ ਕਰਨਗੇ।ਜਿੰਨ੍ਹਾਂ ‘ਤੇ ਦਰਜ਼ ਮਿਤੀ ਅਨੁਸਾਰ ਕਿਸਾਨ ਮੰਡੀਆਂ ਵਿਚ ਫ਼ਸਲ ਲੈ ਕੇ ਆਉਣਗੇ।ਜ਼ਿਕਰਯੋਗ ਹੈ ਕਿ ਇੱਕ ਕੂਪਨ ਕੇਵਲ ਇੱਕ ਖੇਪ ਜਾਂ ਟਰਾਲੀ ਕਰੀਬ 50 ਕੁਇੰਟਲ ਲਈ ਹੀ ਵਰਤਿਆ ਜਾਵੇਗਾ।
ਥੋਰੀ ਨੇ ਖਰੀਦ ਏਜੰਸੀਆਂ ਨੂੰ ਆਦੇਸ਼ ਜ਼ਾਰੀ ਕਰਦਿਆਂ ਕਿਹਾ ਕਿ ਏਜੰਸੀਆਂ ਦੇ ਸਮੂਹ ਕਰਮਚਾਰੀ ਮੰਡੀਆਂ ਵਿਚ ਮਾਸਕ ਅਤੇ ਸੈਨੇਟਾਇਜ਼ਰ ਦੀ ਵਰਤੋਂ ਕਰਨਗੇ।ਇਹ ਕਰਮਚਾਰੀ ਲੇਬਰ ਨੂੰ ਕੋਵਿਡ-19 ਤੋਂ ਬਚਾਅ ਲਈ ਸਮੇਂ ਸਮੇਂ ਸਿਰ ਟਰੇਨਿੰਗ ਦੇਣਗੇ।ਖਰੀਦ ਏਜੰਸੀਆਂ ਇਹ ਯਕੀਨੀ ਬਣਾਉਣਗੀਆਂ ਕਿ ਮੰਡੀਆਂ ਵਿੱਚ ਜ਼ਿਆਦਾ ਭੀੜ ਨਾ ਹੋਵੇ ਅਤੇ ਦਫ਼ਤਰਾਂ, ਕਣਕ ਭੰਡਾਰ ਆਦਿ ਤੇ ਸਾਫ਼ ਪੀਣ ਵਾਲੇ ਪਾਣੀ ਅਤੇ ਸਾਫ਼ ਸਫ਼ਾਈ ਆਦਿ ਦਾ ਖਾਸ ਖਿਆਲ ਰੱਖਿਆ ਜਾਵੇ।ਇਸ ਤੋਂ ਇਲਾਵਾ ਮਾਰਕੀਟ ਕਮੇਟੀਆਂ ਮੰਡੀਆਂ ਵਿਚ ਬਾਥਰੂਮ, ਪਖਾਨੇ ਆਦਿ ਦੀ ਸਹੂਲਤ ਵੀ ਉਪਲੱਬਧ ਕਰਵਾਉਣਗੀਆਂ
Punjab Post Daily Online Newspaper & Print Media