ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹੇ ਵਿਚ ਹਾੜੀ ਸੀਜਨ 2020-21 ਦੀ ਫਸਲ ਕਣਕ ਦੀ ਖਰੀਦ ਲਈ ਸਮੁੱਚੇ ਪ੍ਰਬੰਧ ਕਰ ਲਏ ਗਏ
ਹਨ ਅਤੇ ਸਾਡੇ ਸਾਰੇ ਵਿਭਾਗ, ਜਿਸ ਵਿਚ ਮੰਡੀ ਬੋਰਡ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਕਿਸਾਨ, ਪੱਲੇਦਾਰ ਅਤੇ ਵੱਖ-ਵੱਖ ਖਰੀਦ ਏਜੰਸੀਆਂ ਇਕ ਟੀਮ ਵਜੋਂ ਸਾਰਾ ਕੰਮ ਨੇਪਰੇ ਚਾੜਨ ਲਈ ਹਰ ਤਰਾਂ ਤਿਆਰ ਹਨ। ਅਨਾਜ ਮੰਡੀ ਭਗਤਾਂਵਾਲਾ ਵਿਖੇ ਉਕਤ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਸੀਜਨ ਦੌਰਾਨ ਭਾਰਤ ਸਰਕਾਰ ਵਲੋਂ ਕਣਕ ਦੀ ਖਰੀਦ ਦੇ ਨਿਸ਼ਚਿਤ ਕੀਤੇ ਗਏ ਘੱਟੋ ਘੱਟ ਸਮਰਥਨ ਮੁੱਲ 1925/- ਰੁਪਏ ’ਤੇ ਸਮੂਹ ਖਰੀਦ ਏਜੰਸੀਆਂ ਸਮੇਤ ਐਫ.ਸੀ.ਆਈ ਵਲੋਂ ਕਣਕ ਦੀ ਖਰੀਦ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅੰਦਾਜੇ ਅਨੁਸਾਰ ਸਾਢੇ 6 ਲੱਖ ਮੀਟਰਕ ਟਨ ਕਣਕ ਮੰਡੀਆਂ ਵਿਚ ਆਉਣ ਦੀ ਆਸ ਹੈ।ਜਿਸ ਦੇ ਮੱਦੇਨਜ਼ਰ ਪਨਗਰੇਨ, ਮਾਰਕਫੈਡ, ਪਨਸਪ, ਵੇਅਰ ਹਾਊਸ ਅਤੇ ਐਫ.ਸੀ.ਆਈ ਨੂੰ ਕਣਕ ਦੀ ਖਰੀਦ ਦੇ ਟੀਚੇ ਨਿਰਧਾਰਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਖਰੀਦ ਲਈ 54 ਖਰੀਦ ਕੇਂਦਰ ਅਤੇ 9 ਰਾਈਸ ਮਿਲਾਂ ਨੂੰ ਆਰਜ਼ੀ ਤੌਰ ‘ਤੇ ਮੰਡੀਆਂ ਵਜੋਂ ਵਰਤਿਆ ਜਾਵੇਗਾ।ਰਾਜ ਸਰਕਾਰ ਵਲੋਂ ਕਣਕ ਦੀ ਖਰੀਦ ਦਾ ਸੀਜ਼ਨ 15 ਜੂਨ 2020 ਤੱਕ ਜਾਰੀ ਰਹੇਗਾ।ਉਨਾਂ ਕਿਹਾ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਮੰਡੀਆਂ ਵਿੱਚ ਟੋਕਨ ਸਿਸਟਮ ਲਾਗੂ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਵਲੋਂ ਮੰਡੀਆਂ ਵਿਚ ਯੋਜਨਾਬੱਧ ਤਰੀਕੇ ਰਾਹੀਂ ਕਣਕ ਲਿਆਂਦੀ ਜਾ ਸਕੇ
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਡੀ.ਐਫ.ਐਸ.ਸੀ ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ, ਡੀ.ਐਮ ਪਨਸਪ ਬਨਦੀਪ ਸਿੰਘ, ਡੀ.ਐਮ ਮਾਰਕਫੈਡ ਗੁਰਪ੍ਰੀਤ ਸਿੰਘ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਤੇ ਹੋਰ ਮੋਹਤਬਰ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media