ਕਪੂਰਥਲਾ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੀ ਹਰੇਕ ਗ੍ਰਾਮ ਪੰਚਾਇਤ ਵਿਚ ਪੰਜਾਬ
ਸਰਕਾਰ ਦੀ ਪਹਿਲ ਸਦਕਾ ਲਗਾਏ ਗਏ 550 ਬੂਟਿਆਂ ਦੀ ਮਨਰੇਗਾ ਤਹਿਤ ਨਿਯੁੱਕਤ ਕੀਤੇ ਗਏ ਵਣ ਮਿੱਤਰਾਂ ਵੱਲੋਂ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।ਗਰਮੀ ਦੇ ਇਸ ਮੌਸਮ ਵਿਚ ਜਦੋਂ ਦਿਨ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਹੈ, ਇਨ੍ਹਾਂ ਕੋਮਲ ਬੂਟਿਆਂ ਦੀ ਸਾਂਭ-ਸੰਭਾਲ ਬੇਹੱਦ ਜ਼ਰੂਰੀ ਹੋ ਜਾਂਦੀ ਹੈ। ਇਸ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਗ੍ਰਾਮ ਪੰਚਾਇਤਾਂ ਵੱਲੋਂ ਹਰੇਕ 200 ਬੂਟਿਆਂ ਦੀ ਸਾਂਭ-ਸੰਭਾਲ ਲਈ ਇਕ ਵਣ ਮਿੱਤਰ ਨਿਯੁੱਕਤ ਕੀਤਾ ਗਿਆ ਹੈ, ਜੋ ਇਨ੍ਹਾਂ ਨੂੰ ਪਾਣੀ ਪਾਉਣ ਅਤੇ ਗੋਡੀ ਆਦਿ ਕਰਨ ਦਾ ਕੰਮ ਕਰ ਰਹੇ ਹਨ।ਪੰਜਾਬ ਭਰ ਵਿਚ ਲਗਾਏ ਗਏ 73 ਲੱਖ ਬੂਟਿਆਂ ਦੀ ਸਾਂਭ-ਸੰਭਾਲ ਕਰਨਾਂ ਇਕ ਚੁਨੌਤੀ ਭਰਿਆ ਕਾਰਜ ਹੈ, ਜਿਸ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਵਣ ਮਿੱਤਰਾਂ ਦੀ ਸਹਾਇਤਾ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਵਣ ਮਿੱਤਰਾਂ ਵੱਲੋਂ ਬੂਟਿਆਂ ਦੀ ਕੀਤੀ ਜਾ ਰਹੀ ਸਾਂਭ-ਸੰਭਾਲ ਦੇ ਕੰਮ ਦਾ ਜਾਇਜ਼ਾ ਲਿਆ ਗਿਆ।ਉਨ੍ਹਾ ਵਣ ਮਿੱਤਰਾਂ ਨੂੰ ਇਸ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਗਰਮੀ ਦੇ ਮੱਦੇਨਜ਼ਰ ਬੂਟਿਆਂ ਦਾ ਖਾਸ ਖਿਆਲ ਰੱਖਿਆ ਜਾਵੇ।
ਇਸ ਮੌਕੇ ਬੀ.ਡੀ.ਪੀ.ਓ ਫਗਵਾੜਾ ਨੀਰਜ ਕੁਮਾਰ, ਏ.ਪੀ.ਓ ਮਨਰੇਗਾ ਸੁਰਿੰਦਰ ਕੁਮਾਰ ਅਤੇ ਗੁਰਪ੍ਰੀਤ ਸਿਘ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media