Sunday, April 19, 2026

ਜਿਲਾ ਪਟਿਆਲਾ ‘ਚ ਇੱਕੋ ਦਿਨ 15 ਕੋਵਿਡ-19 ਪਾਜ਼ਟਿਵ ਕੇਸ ਆਏ ਸਾਹਮਣੇ

ਪਟਿਆਲਾ ‘ਚ 9 ਤੇ ਰਾਜਪੁਰਾ ‘ਚ 6 ਦੀ ਰਿਪੋਰਟ ਪਾਜ਼ਟਿਵ – ਡਾ. ਮਲਹੋਤਰਾ

ਪਟਿਆਲਾ 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲਾ ਪਟਿਆਲਾ ‘ਚ ਇੱਕੋ ਦਿਨ 15 ਕੋਵਿਡ-19 ਪਾਜ਼ਟਿਵ ਕੇਸ ਆਏ ਸਾਹਮਣੇ ਆਏ ਹਨ।ਸਿਵਲ ਸਰਜਨ ਡਾ. Corona Virusਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਪਟਿਆਲਾ ਵਿਚ 9 ਅਤੇ ਰਾਜਪੁਰਾ ਵਿਚ 6 ਨਵੇਂ ਕੋਵਿਡ ਪਾਜ਼ਟਿਵ ਕੇਸ ਮਿਲੇ।ਉਨਾਂ ਕਿਹਾ ਕਿ ਰਾਜਪੁਰਾ ਦੀ ਅਨਾਜ ਮੰਡੀ ਵਿਚ ਰਹਿਣ ਵਾਲੀ 60 ਸਾਲਾ ਔਰਤ ਜਿਸ ਦੀ ਬੀਤੇ ਦਿਨੀਂ ਕੋਵਿਡ ਰਿਪੋਰਟ ਪਾਜ਼ਟਿਵ ਆਈ ਸੀ, ਦੇ ਤੁਰੰਤ ਬਾਅਦ ਉਨ੍ਹਾਂ ਵਲੋਂ ਸਿਹਤ ਟੀਮਾਂ ਭੇਜ ਕੇ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ ਨੇੜੇ ਦੇ ਸੰਪਰਕ ਵਿਚ ਆਏ 16 ਮੈਂਬਰਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ ਅਤੇ ਇਹਨਾਂ ਨੂੰ ਘਰ ਵਿਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਸੀ।ਲੈਬ ਵਿਚੋਂ ਪ੍ਰਾਪਤ ਰਿਪੋਰਟ ਅਨੁਸਾਰ ਇਹਨਾਂ ਵਿਚੋਂ 6 ਕੇਸਾਂ ਦੀ ਰਿਪੋਰਟ ਕੋਵਿਡ ਪਾਜ਼ੀਟਿਵ ਆਈ ਹੈ।ਇਸ ਤੋਂ ਬਾਅਦ ਅਨਾਜ ਮੰਡੀ ਅਤੇ ਨਾਲ ਲਗਦੇ ਇਲਾਕੇ ਨੂੰ ਸੀਲ ਕਰਕੇ ਪੁਲਿਸ ਤੈਨਾਤ ਕਰ ਦਿੱਤੀ ਗਈ ਸੀ।
                 ਸਿਵਲ ਸਰਜਨ ਨੇ ਦੱਸਿਆ ਕਿ ਬੀਤੇ ਦਿਨੀਂ ਬੁੱਕ ਮਾਰਕਿਟ ਏਰੀਏ ਦੇ ਕੋਵਿਡ ਪਾਜ਼ਟਿਵ ਆਏ ਵਿਅਕਤੀ ਦੇ 15 ਹੋਰ ਨੇੜੇ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਕੇ ਉਨ੍ਹਾਂ ਦੇ ਕੋਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 9 ਕੇਸਾਂ ਦੀ ਰਿਪੋਰਟ ਕੋਵਿਡ ਪਾਜ਼ਟਿਵ ਪਾਈ ਗਈ ਹੈ।ਉਨ੍ਹਾਂ ਕਿਹਾ ਕਿ ਪਾਜ਼ਟਿਵ ਆਏ ਕੇਸਾਂ ਦੇ ਨੇੜੇ ਅਤੇ ਦੂਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਵੀ ਕੋਰੋਨਾ ਜਾਂਚ ਲਈ ਸੈਂਪਲ ਲਏ ਜਾ ਰਹੇ ਹਨ।
                ਡਾ. ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਬੁੱਕ ਮਾਰਕਿਟ ਦੇ ਪਾਜ਼ਟਿਵ ਕੇਸ ਵਲੋਂ ਪਿਛਲੇ ਦਿਨਾਂ ਵਿਚ ਵੱਖ ਵੱਖ ਲੋਕਾਂ ਨੂੰ ਵੰਡੀਆਂ ਪੁਸਤਕਾਂ ਦੀ ਗੱਲ ਸਾਹਮਣੇ ਆਉਣ ’ਤੇ ਜਿਲ੍ਹਾ ਪ੍ਰਸਾਸ਼ਨ ਵਲੋਂ ਪੁਸਤਕਾਂ ਲੈਣ ਵਾਲਿਆਂ ਨੂੰ ਆਪਣੀ ਜਾਣਕਾਰੀ ਜਿਲ੍ਹਾ ਪ੍ਰਸਾਸ਼ਨ ਦੇ ਕੰਟਰੋਲ ਰੂਮ ਨੰਬਰ 0175 -2350550 ’ਤੇ ਦੇਣ ਲਈ ਕਿਹਾ ਗਿਆ ਸੀ।ਜਿਲਾ ਪ੍ਰਸਾਸ਼ਨ ਵਲੋਂ ਕਾਲ ਸੈਂਟਰ ’ਤੇ 68 ਲੋਕਾਂ ਵਲੋਂ ਆਪਣੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਸੂਚੀ ਇਸ ਦਫ਼ਤਰ ਨੂੰ ਪ੍ਰਾਪਤ ਹੋਈ ਸੀ।ਜਿਨ੍ਹਾਂ ਵਿਚੋਂ 28 ਪਰਿਵਾਰਾਂ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੰਪਰਕ ਕਰਕੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਬਾਕੀ ਰਹਿੰਦਿਆਂ ਦੀ ਸਿਹਤ ਜਾਂਚ ਜਾਰੀ ਹੈ।
                ਸਿਵਲ ਸਰਜਨ ਡਾ. ਮਲਹੋਤਰਾ ਨੇ ਪੁਸਤਕਾਂ ਲੈਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਜਾਣਕਾਰੀ ਨਾ ਛੁਪਾਉਣ ਬਲਕਿ ਆਪਣੀ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਆਪਣੀ ਸੂਚਨਾ ਜਿਲਾ ਕੰਟਰੋਲ ਰੂਮ ਨੰਬਰ 0175-2350550 ’ਤੇ ਜ਼ਰੂਰ ਦੇਣ ਤਾਂ ਜੋ ਉਨ੍ਹਾਂ ਪਰਿਵਾਰਾਂ ਦੀ ਸਿਹਤ ਜਾਂਚ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਅੱਜ ਤੀਜੇ ਦਿਨ ਵੀ ਸਿਹਤ ਵਿਭਾਗ ਵਲੋਂ ਲੋਕਾਂ ਦੀ ਸਕਰੀਨਿੰਗ ਲਈ ਬਣਾਈਆਂ 237 ਸਿਹਤ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਏਰੀਏ ਵਿਚ ਜਾ ਕੇ 23875 ਘਰਾਂ ਦਾ ਸਰਵੇ ਕਰਕੇ 96596 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ।ਉਨ੍ਹਾਂ ਕਿਹਾ ਕਿ ਹੁਣ ਤੱਕ ਕੋਰੋਨਾ ਜਾਂਚ ਲਈ ਲਏ 198 ਸੈਂਪਲਾਂ ਵਿੱਚੋਂ 26 ਕੋਰੋਨਾ ਪੌਜਟਿਵ 167 ਨੈਗੇਟਿਵ ਹਨ ਅਤੇ 5 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਉਨ੍ਹਾਂ ਦੱਸਿਆ ਕਿ ਪੌਜਟਿਵ ਕੇਸਾਂ ਵਿਚੋਂ ਇੱਕ ਕੇਸ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …