ਮਾਨਸਾ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਅਤੇ
ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੋਵਲ ਕੋਰਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ।ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਵਲੋਂ ਕੋਰਨਾ ਵਾਇਰਸ ਤੋਂ ਬਚਾਅ ਲਈ ਅਤੇ ਜ਼ਿਲ੍ਹੇ ‘ਚ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਦਿਨ-ਰਾਤ ਡਿਊਟੀ ਨਿਭਾਈ ਜਾ ਰਹੀ ਹੈ।ਮਾਨਸਾ ਪੁਲਿਸ ਵਲੋਂ ਕਰਫਿਊ ਦੀ ਮੁਕੰਮਲ ਪਾਲਣਾ ਸਬੰਧੀ ਜ਼ਿਲ੍ਹੇ `ਚ ਫਲੈਗ ਮਾਰਚ, ਰੋਡ ਮਾਰਚ ਅਤੇ ਅਸਰਦਾਰ ਢੰਗ ਨਾਲ ਗਸ਼ਤਾਂ ਤੇ ਨਾਕਾਬੰਦੀਆਂ ਕਰਕੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਐਸ.ਐਸ.ਪੀ ਡਾ. ਭਾਰਗਵ ਨੇ ਦੱਸਿਆ ਕਿ ਪਹਿਲੇ ਜਨਮ ਦਿਨ ਮੌਕੇ ਕੇਕ ਭੇਜਣ ਦੀ ਲੜੀ ਤਹਿਤ ਥਾਣਾ ਸਦਰ ਮਾਨਸਾ ਦੇ ਪਿੰਡ ਕੋਟ ਲੱਲੂ ਦੇ ਵਿਲੇਜ ਪੁਲਿਸ ਅਫਸਰ (ਵੀ.ਪੀ.ਓ) ਸਹਾਇਕ ਥਾਣੇਦਾਰ ਮੁਖਵਿੰਦਰ ਸਿੰਘ ਕੋਲ ਸਿਕੰਦਰ ਸਿੰਘ ਦਾ ਮੈਸੇਜ ਆਇਆ ਕਿ ਉਸ ਦੀ ਲੜਕੀ ਹਰਮਨ ਕੌਰ ਉਮਰ 1 ਸਾਲ ਦਾ ਪਹਿਲਾ ਜਨਮ ਦਿਨ ਹੈ ਅਤੇ ਉਨ੍ਹਾਂ ਨੂੰ ਜਨਮ ਦਿਨ ਮਨਾਉਣ ਲਈ ਕੇਕ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਜਾਵੇ, ਜਿਸ `ਤੇ ਮਾਨਸਾ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੱਚੀ ਦੇ ਪਹਿਲੇ ਜਨਮ ਦਿਨ `ਤੇ ਕੇਕ ਉਨ੍ਹਾਂ ਦੇ ਘਰ ਭੇਜ ਕੇ ਬੱਚੀ ਨੂੰ ਜਨਮ ਦਿਨ ਮੁਬਾਰਕ ਆਖਿਆ ਗਿਆ ਹੈ।ਇਸ ਤੋਂ ਇਲਾਵਾ ਮਾਨਸਾ ਦੇ ਵਾਰਡ ਨੰਬਰ 6 ਵਿਖੇ ਬੱਚੀ ਅਗਮਜੋਤ ਕੌਰ ਪੁੱਤਰੀ ਜਸਵੀਰ ਸਿੰਘ ਨੂੰ ਉਸ ਦੇ ਪਹਿਲੇ ਜਨਮ ਦਿਨ ਮੌਕੇ ਵੀ.ਪੀ.ਓ ਅਮਰੀਕ ਸਿੰਘ ਏ.ਐਸ.ਆਈ ਵਲੋਂ ਉਨ੍ਹਾਂ ਦੇ ਘਰ ਜਾ ਕੇ ਕੇਕ ਪਹੁੰਚਾਇਆ ਗਿਆ।
ਐਸ.ਐਸ.ਪੀ ਡਾ. ਭਾਰਗਵ ਨੇ ਕਿਹਾ ਕਿ ਮਾਨਸਾ ਨੇ ਦੱਸਿਆ ਕਿ ਬੱਚੀ ਦੇ ਪਹਿਲੇ ਜਨਮ ਦਿਨ ਮੌਕੇ ਪਿੰਡ ਜਾਂ ਵਾਰਡ ਦੇ ਵਿਲੇਜ ਪੁਲਿਸ ਅਫਸਰ (ਵੀ.ਪੀ.ਓ) ਰਾਹੀਂ ਕੇਕ ਮੁਹੱਈਆ ਕਰਾਉਣ ਵਿੱਚ ਪਰਿਵਾਰ ਦੀ ਮਦਦ ਕਰਨ ਵਾਲੀ ਮਾਨਸਾ ਪੁਲਿਸ ਵਲੋਂ ਸ਼ੁਰੂ ਕੀਤੀ ਨਿਵੇਕਲੀ ਪਹਿਲ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media