ਪਰਿਵਾਰਕ ਮੈਂਬਰ ਸੰਸਕਾਰ ਸਮੇਂ ਰਹੇ ਮੌਜੂਦ- ਸਮਾਜਿਕ ਦੂਰੀ ਦਾ ਵੀ ਰੱਖਆ ਗਿਆ ਖਿਆਲ
ਲੌਂਗੋਵਾਲ, 3 ਮਈ (ਪੰਜਾਬ ਪੋਸਟ – ਜਗਸੀਰ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਜ਼ਾਨਸ਼ੀਨ ਗੋਬਿੰਦ ਸਿੰਘ
ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦਾ ਅੰਤਿਮ ਸੰਸਕਾਰ ਅੱਜ ਉਨਾਂ ਦੇ ਜੱਦੀ ਪਿੰਡ ਲੌਂਗੋਵਾਲ ਸਥਿਤ ਰਾਮ ਬਾਗ ਸ਼ਮਸ਼ਾਨ ਘਾਟ ਵਿਖੇ ਗੁਰ ਮਰਿਆਦਾ ਅਨੁਸਾਰ ਕੀਤਾ ਗਿਆ।ਇਸ ਸਮੇਂ ਵਾਇਰਸ ਸੰਬੰਧੀ ਸਰਕਾਰ ਵਲੋਂ ਜ਼ਾਰੀ ਕੀਤੀਆਂ ਹਦਾਇਤਾਂ ਦਾ ਪੂਰਾ ਖਿਆਲ ਰੱਖਿਆ ਗਿਆ।
ਬੀਬੀ ਅਮਰਪਾਲ ਕੌਰ ਦੀ ਮ੍ਰਿਤਕ ਦੇਹ ਉਨਾਂ ਦੀ ਰਿਹਾਇਸ਼ ਤੋਂ ਕੇਵਲ ਪਰਿਵਾਰਕ ਮੈਂਬਰਾਂ ਅਤੇ ਕੁੱਝ ਕੁ ਨਜ਼ਦੀਕੀ ਰਿਸ਼ਤੇਦਾਰਾਂ ਦੀ ਮੌਜ਼ੂਦਗੀ ਵਿੱਚ ਰਾਮ ਬਾਗ਼ ਸਮਸ਼ਾਨਘਾਟ ਲਈ ਰਵਾਨਾ ਹੋਈ।ਕਰੋਨਾ ਦੇ ਚੱਲਦਿਆਂ ਵੱਡੇ ਇਕੱਠ ਨੂੰ ਰੋਕਣ ਲਈ ਪੰਜਾਬ ਪੁਲੀਸ ਵਲੋਂ ਸਖਤ ਪ੍ਰਬੰਧ ਕੀਤੇ ਹੋਏ ਸਨ।ਸ਼ਮਸ਼ਾਨ ਘਾਟ ਨੂੰ ਜਾਣ ਵਾਲੇ ਰਸਤੇ ਸੜਕ ਕਿਨਾਰੇ ਖੜ ਕੇ ਕਈ ਰਿਸ਼ਤੇਦਾਰਾਂ ਤੇ ਨਗਰ ਵਾਸੀਆਂ ਨੇ ਬੀਬੀ ਅਮਰਪਾਲ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ।ਉਨਾਂ ਦੇ ਸਪੁੱਤਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਆਪਣੀ ਮਾਤਾ ਬੀਬੀ ਅਮਰਪਾਲ ਕੌਰ ਦੀ ਚਿਖਾ ਨੂੰ ਅਗਨੀ ਭੇਟ ਕੀਤੀ।ਇਸ ਦੌਰਾਨ ਪਤੀ ਗੋਬਿੰਦ ਸਿੰਘ ਲੌਂਗੋਵਾਲ, ਪੁੱਤਰ ਨਵਇੰਦਰਪ੍ਰੀਤ ਸਿੰਘ ਤੇ ਪੁੱਤਰੀ ਗੁਰਮਨ ਕੌਰ ਗਮਗੀਨ ਦੇਖੇ ਗਏ।
ਇਸੇ ਦੌਰਾਨ ਪੁਲਿਸ ਡੀ.ਐਸ.ਪੀ ਸੁਨਾਮ ਸੁਖਵਿੰਦਰਪਾਲ ਸਿੰਘ ਅਤੇ ਐਸ.ਐਚ.ਓ ਲੌਂਗੋਵਾਲ ਬਲਵੰਤ ਸਿੰਘ ਦੀ ਅਗਵਾਈ ਹੇਠ ਕਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵਲੋਂ ਜ਼ਾਰੀ ਕੀਤੀਆਂ ਹਦਾਇਤਾਂ ਤਹਿਤ ਪੁਖਤਾ ਪ੍ਰਬੰਧ ਕੀਤੇ ਗਏ ਸਨ।ਗੋਬਿੰਦ ਸਿੰਘ ਲੌਂਗੋਵਾਲ ਦੇ ਸ਼ੁਭਚਿੰਤਕ, ਸਨੇਹੀ, ਰਿਸ਼ਤੇਦਾਰ, ਪਾਰਟੀ ਵਰਕਰ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੱਡੀ ਗਿਣਤੀ ‘ਚ ਉਨਾਂ ਨਾਲ ਦੁੱਖ ਸਾਂਝਾ ਕਰਨ ਅਤੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ।ਪ੍ਰੰਤੂ ਹਾਲਾਤਾਂ ਨੂੰ ਮੁੱਖ ਰੱਖਦਿਆਂ ਉਨਾਂ ਵਿਚੋ ਕਿਸੇ ਨੂੰ ਵੀ ਰਿਹਾਇਸ਼ ਅਤੇ ਸ਼ਮਸ਼ਾਨਘਾਟ ਦੇ ਨਜ਼ਦੀਕ ਨਹੀਂ ਜਾਣ ਦਿੱਤਾ ਗਿਆ।
ਅੰਤਿਮ ਸੰਸਕਾਰ ਵਿਚ ਹਾਜ਼ਰ ਹੋਣ ਲਈ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਵਿਨਰਜੀਤ ਸਿੰਘ ਗੋਲਡੀ, ਰਵਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ ਕੈਂਬੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਬਲਦੇਵ ਸਿੰਘ ਮਾਨ, ਭਾਈ ਦਿਆਲਾ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਦੁੱਲਟ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਜਤਿੰਦਰ ਸਿੰਘ ਦਿਆਲਗੜ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਵਿਜੇ ਗੋਇਲ, ਅਮ੍ਰਿਤਪਾਲ ਸਿੰਗਲਾ, ਸ਼ਿਸ਼ਨਪਾਲ ਗਰਗ, ਰਤਨ ਕੁਮਾਰ ਮੰਗੂ, ਡਾ. ਇੰਦਰਮਨਜੋਤ ਸਿੰਘ, ਪੱਤਰਕਾਰ ਸ਼ੇਰ ਸਿੰਘ ਖੰਨਾ, ਗੋਪਾਲ ਸਿੰਘ ਦਰਦੀ, ਸੰਸਾਰ ਸਿੰਘ ਛਾਜਲੀ, ਸੁਖਦੇਵ ਸਿੰਘ ਅਮਰੂਕੋਟੜਾ, ਨਵਦੀਪ ਕੁੱਕੂ ਅਤੇ ਪੀ.ਏ ਦਰਸ਼ਨ ਸਿੰਘ ਤੇ ਅਮਰਜੀਤ ਸਿੰਘ ਜੈਦ ਪੱਜੇ ਹੋਏ ਸਨ।ਇਹਨਾਂ ਵਿਚੋਂ ਕੇਵਲ ਕੁੱਝ ਕੁ ਰਿਸ਼ਤੇਦਾਰ ਹੀ ਅੰਤਿਮ ਸੰਸਕਾਰ ਮੌਕੇ ਰਾਮਬਾਗ ਵਿੱਚ ਪਹੁੰਚ ਸਕੇ।
Punjab Post Daily Online Newspaper & Print Media