Sunday, March 22, 2026

ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਦੇ ਚਾਰ ਦੋਸ਼ੀ ਗ੍ਰਿਫਤਾਰ

ਦੋਸ਼ੀਆਂ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ ਪਰਚਾ ਦਰਜ਼

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਕੋਟ ਖਾਲਸਾ ਇਲਾਕੇ ਅੰਦਰ ਪੈਂਦੇ ਮੁਹੱਲਾ ਗੁਰੂ ਨਾਨਕ ਪੁਰਾ ਦੇ ਇੱਕ ਪਰਿਵਾਰ ਵੱਲੋਂ ਅੱਜ ਗੁਰਬਾਣੀ PPNJ0305202006ਦੀਆਂ ਪਾਵਨ ਪੋਥੀਆਂ ਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
            ਘਟਨਾ ਦਾ ਪਤਾ ਲੱਗਣ ’ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾਂ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ ਤੇ ਹੈਡ ਪ੍ਰਚਾਰਕ ਭਾਈ ਜਗਦੇਵ ਸਿੰਘ ਘਟਨਾ ਸਥਾਨ ’ਤੇ ਪੁੱਜੇ ਅਤੇ ਦੋਸ਼ੀਆਂ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ ਥਾਣਾ ਕੋਟ ਖਾਲਸਾ ਵਿਚ ਪਰਚਾ ਦਰਜ਼ ਕਰਵਾ ਦਿੱਤਾ ਗਿਆ।
           ਏ.ਸੀ.ਪੀ ਨਰਿੰਦਰ ਸਿੰਘ ਤੇ ਡੀ.ਸੀ.ਪੀ ਹਰਜੀਤ ਸਿੰਘ ਧਾਲੀਵਾਲ ਵੀ ਮੌਕੇ ’ਤੇ ਪਹੁੰਚੇ।ਉਨ੍ਹਾਂ ਦੀ ਹਾਜ਼ਰੀ ਵਿਚ ਪੁਲਿਸ ਨੇ ਦੋਸ਼ੀ ਮੰਗਲ ਸਿੰਘ ਵਾਸੀ ਗੁਰੂ ਨਾਨਕ ਪੁਰਾ, ਉਸ ਦੇ ਦੋ ਪੁੱਤਰਾਂ ਤੇ ਜਵਾਈ ਨੂੰ ਗ੍ਰਿਫਤਾਰ ਕਰਕੇ ਜਾਂਚ ਆਰੰਭ ਦਿੱਤੀ ਹੈ ਇਸੇ ਦੌਰਾਨ ਥਾਣਾ ਕੋਟ ਖਾਲਸਾ ਵਿਖੇ ਪਹੁੰਚੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਤੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਮਾਮਲੇ ਬਾਰੇ ਬਾਰੀਕੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।ਪੁਲਿਸ ਕਮਿਸ਼ਨਰ ਨੇ ਸ਼੍ਰੋਮਣੀ ਕਮੇਟੀ ਨੂੰ ਵਿਸ਼ਵਾਸ ਦੁਆਇਆ ਕਿ ਦੋਸ਼ੀਆਂ ਪਾਸੋਂ ਪੁੱਛਗਿੱਛ ਕਰਕੇ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਹੋਵੇਗੀ।ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।
               ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੂੰ ਸਵੇਰੇ ਕੁੱਝ ਪ੍ਰੇਮੀਆਂ ਨੇ ਜਾਣਕਾਰੀ ਦਿੱਤੀ ਕਿ ਸਥਾਨਕ ਫਤਾਹਪੁਰ ਨੇੜੇ ਕੂੜਾ ਲੈ ਕੇ ਪੁੱਜੀ ਇੱਕ ਗੱਡੀ ਵਿੱਚ ਕੁੱਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਪਾਈਆਂ ਗਈਆਂ ਹਨ, ਜਿਸ ‘ਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਅਧਿਕਾਰੀਆਂ ਨੂੰ ਤੁਰੰਤ ਭੇਜਿਆ।ਉਨ੍ਹਾਂ ਦੱਸਿਆ ਕਿ ਕੂੜੇ ਵਾਲੀ ਗੱਡੀ ਦੇ ਡਰਾਇਵਰ ਗੁਰਦੀਪ ਸਿੰਘ ਨੇ ਸਿਆਣਪ ਵਰਤਦਿਆਂ ਗੁਰਬਾਣੀ ਦੀਆਂ ਪੋਥੀਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕਪੁਰਾ ਵਿਖੇ ਪਹੁੰਚਾਈਆਂ।ਇਸ ਮਗਰੋਂ ਸ਼੍ਰੋਮਣੀ ਕਮੇਟੀ ਤੇ ਸਥਾਨਕ ਗੁਰਦੁਆਰਾ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਡਰਾਇਵਰ ਨੇ ਸਬੰਧਤ ਘਰ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਇਸ ਨੂੰ ਕੂੜੇ ਵਿੱਚ ਰੱਖਿਆ ਗਿਆ ਸੀ।ਡਰਾਇਵਰ ਗੁਰਦੀਪ ਸਿੰਘ ਅਨੁਸਾਰ ਸਬੰਧਤਾਂ ਨੇ ਕਿਹਾ ਸੀ ਕਿ ਇਹ ਘਰ ਦਾ ਵਾਧੂ ਸਮਾਨ ਹੈ।ਪਰ ਜਦੋਂ ਉਸ ਨੇ ਕੂੜਾ ਸੁੱਟਣ ਸਮੇਂ ਦੇਖਿਆ ਤਾਂ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਪਾਏ ਗਏ।ਕੂੜੇ ਵਿੱਚ ਦਿੱਤੀਆਂ ਪੋਥੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦਾਰਥ ਭਾਗ ਪਹਿਲਾ, ਸੁੰਦਰ ਗੁਟਕਾ, ਨਿਤਨੇਮ ਤੇ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …