50 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਦਿੱਤਾ ਸੁੱਕਾ ਰਾਸ਼ਨ – ਹੇਰ, ਸਿੱਧੂ
ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ ਬਿਊਰੋ) – ਉਘੇੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਕਰੋਨਾ
ਮਹਾਂਮਾਰੀ ਦੌਰਾਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਗਈ ਮੁਹਿੰਮ ਦੇ ਦੂਜੇ ਪੜਾਅ ਤਹਿਤ ਅੱਜ ਗੁਰੂ ਕੀ ਵਡਾਲੀ ਵਿਖੇ ਸ਼੍ਰੋਮਣੀ ਕਮੇਟੀ ਦੇ ਬੇਰੁਜ਼ਗਾਰ ਹੋਏ 50 ਪਾਠੀ ਸਿੰਘਾਂ ਦੇ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।
ਰਾਸ਼ਨ ਵੰਡਣ ਪਹੁੰਚੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਮੀਤ ਪ੍ਰਧਾਨ ਸ਼ੀਸ਼ਪਾਲ ਸਿੰਘ ਲਾਡੀ ਤੇ ਵਿੱਤ ਸਕੱਤਰ ਨਵਜੀਤ ਸਿੰਘ ਘਈ ਅਨੁਸਾਰ ਡਾ. ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਇਤਿਹਾਸਕ ਕਸਬੇ ਗੁਰੂ ਕੀ ਵਡਾਲੀ ਵਿਖੇ ਸ਼ੁਸ਼ੋਭਿਤ ਗੁਰਦੁਆਰਾ ਜਨਮ ਅਸਥਾਨ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਬੰਦ ਹੋਣ ਕਾਰਨ ਰੋਜ਼ੀ-ਰੋਟੀ ਤੋਂ ਆਤੁਰ ਹੋਏ ਸ਼੍ਰੋਮਣੀ ਕਮੇਟੀ ਦੇ 50 ਪਾਠੀ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਗਈ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਅਜੋਕੇ ਮਾਹੌਲ ਦੇ ਚੱਲਦਿਆਂ ਅਜਿਹੇ ਬਹੁਤ ਸਾਰੇ ਮੱਧਵਰਤੀ ਪਰਿਵਾਰ ਵੀ ਟਰੱਸਟ ਦੇ ਧਿਆਨ `ਚ ਆ ਰਹੇ ਹਨ, ਜੋ ਮਜ਼ਬੂਰ ਹੋਣ ਦੇ ਬਾਵਜ਼ੂਦ ਵੀ ਕਿਸੇ ਕੋਲੋਂ ਮਦਦ ਲੈਣ ਲਈ ਝਿਜਕ ਰਹੇ ਹਨ।ਉਨ੍ਹਾਂ ਦੱਸਿਆ ਕਿ ਡਾ. ਐਸ.ਪੀ ਸਿੰਘ ਓਬਰਾਏ ਵੱਲੋਂ ਅਜਿਹੇ ਪਰਿਵਾਰਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਲਈ ਟਰੱਸਟ ਦੀਆਂ ਜਿਲ੍ਹਾ ਇਕਾਈਆਂ ਨੂੰ ਕਿਹਾ ਗਿਆ ਹੈ।
ਇਸ ਦੌਰਾਨ ਪਾਠੀ ਸਿੰਘਾਂ ਦੇ ਆਗੂ ਭਾਈ ਮੋਹਨ ਸਿੰਘ ਨੇ ਡਾ. ਓਬਰਾਏ ਵਲੋਂ ਇਸ ਔਖੀ ਘੜੀ ਵੇਲੇ ਕੀਤੀ ਮਦਦ ਲਈ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਸੁੱਕੇ ਰਾਸ਼ਨ ਦੀ ਕਿੱਟ ‘ਚ ਕਰੀਬ 19 ਕਿੱਲੋ ਸੁੱਕਾ ਰਾਸ਼ਨ ਹੈ।
Punjab Post Daily Online Newspaper & Print Media