ਚੰਡੀਗੜ੍ਹ, 12 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਵਲੋਂ ਸਾਫ-ਸਫਾਈ ਦੇ ਨਿਯਮਾਂ ਅਤੇ ਸਮਾਜਿਕ ਦੂਰੀ ਨੂੰ ਮੁਕੰਮਲ ਰੂਪ ਵਿੱਚ ਅਪਣਾਉਂਦਿਆਂ 115 ਲੱਖ
ਮੀਟਰਿਕ ਟਨ ਕਣਕ ਦੀ ਕੀਤੀ ਗਈ ਖਰੀਦ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਨ ਬਦਲੇ ਵਿੱਤੀ ਰਿਆਇਤ ਦਾ ਅਗੇਤਾ ਐਲਾਨ ਕਰਨ ਲਈ ਅਪੀਲ ਕੀਤੀ।
ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਪੰਜਾਬ ਨੂੰ ਪ੍ਰਤੀ ਮਹੀਨਾ 3000 ਕਰੋੜ ਦਾ ਮਾਲੀ ਘਾਟਾ ਸਹਿਣ ਕਰਨਾ ਪੈ ਰਿਹਾ ਹੈ (ਅਪ੍ਰੈਲ ਮਹੀਨੇ ਆਮਦਨੀ ਦਾ ਅੰਦਾਜ਼ਨ ਘਾਟਾ 88 ਫੀਸਦ ਰਿਹਾ) ਅਤੇ ਇਸਦੇ ਨਾਲ ਹੀ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਰੋਜ਼ਾਨਾ 30 ਕਰੋੜ ਦਾ ਘਾਟਾ ਪੈ ਰਿਹਾ ਹੈ (ਜੋ 30 ਫੀਸਦ ਬਣਦਾ ਹੈ)। ਉਨ੍ਹਾਂ ਆਪਣੀ ਮੰਗ ਨੂੰ ਦਹੁਰਾਇਆ ਕਿ ਕੇਂਦਰ ਸਰਕਾਰ ਪੰਜਾਬ ਦੇ ਜੀ.ਐਸ.ਟੀ ਦੇ ਬਕਾਇਆ 4365.37 ਕਰੋੜ ਰੁਪਏ ਤੁਰੰਤ ਜਾਰੀ ਕਰੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ ਦੀ ਮਹਾਂਮਾਰੀ ਕਾਰਨ ਹਾਲਾਤਾਂ ਵਿੱਚ ਆਈ ਵੱਡੀ ਤਬਦੀਲੀ ਦੀ ਰੌਸ਼ਨੀ ਵਿੱਚ 15ਵੇਂ ਵਿੱਤ ਕਮਿਸ਼ਨ ਨੂੰ ਚਾਲੂ ਸਾਲ ਲਈ ਆਪਣੀ ਰਿਪੋਰਟ ਦੀ ਸਮੀਖਿਆ ਕਰਨ ਦੇ ਨਾਲ-ਨਾਲ ਕੋਵਿਡ-19 ਦੇ ਹੋਣ ਵਾਲੇ ਅਸਰਾਂ ਨੂੰ ਭਾਂਪਦਿਆਂ ਪੰਜ ਸਾਲਾ ਲਈ ਫੰਡਾਂ ਦੀ ਵੰਡ ਦੀ ਸ਼ਿਫਾਰਸ਼ ਨੂੰ 2020 ਦੀ ਬਜ਼ਾਏ 1 ਅਪ੍ਰੈਲ, 2021 ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜਿਸ ਖਾਤਰ ਕਮਿਸ਼ਨ ਦੀ ਮਿਆਦ ਇਕ ਹੋਰ ਵਰ੍ਹੇ ਲਈ ਵਧਾਉਣੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਸੂਬਿਆਂ ਨੂੰ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਬਣਾਉਣ ਲਈ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ 2005 (ਐਫ.ਆਰ.ਬੀ.ਐਮ.ਐਕਟ) ਤਹਿਤ ਕਰਜ਼ ਹੱਦ ਸੂਬਿਆਂ ਦੇ ਕੁੱਲ ਘਰੇਲੂ ਪੈਦਾਵਾਰ ਦਾ 3 ਫੀਸਦ ਤੋਂ ਵਧਾ ਕੇ 4 ਫੀਸਦ ਕੀਤਾ ਜਾਵੇ।
ਮੁੱਖ ਮੰਤਰੀ ਵਲੋਂ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪੰਜਾਬ ਸਰਕਾਰ ਕੋਵਿਡ ਖਿਲਾਫ ਪੂਰੀ ਮੁਸਤੈਦੀ ਨਾਲ ਲੜ ਰਹੀ ਹੈ।ਜਿਸ ਸਦਕਾ ਮ੍ਰਿਤਕ ਦਰ 1.8 ਤੱਕ ਥੱਲ੍ਹੇ ਆ ਗਈ ਹੈ ਅਤੇ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਨੂੰ ਠੱਲ੍ਹਣ ਲਈ ਜੇਕਰ ਦੇਸ਼ ਅੰਦਰ 11 ਦਿਨਾਂ ਦੇ ਸਮੇਂ ਦੀ ਦਰ ਹੈ ਤਾਂ ਇਸ ਦੇ ਉਲਟ ਸੂਬੇ ਅੰਦਰ ਇਹ ਸਮਾਂ ਲਗਭਗ 7 ਦਿਨ ਦਾ ਹੈ।ਪਿਛਲੇ 10 ਦਿਨਾਂ ਦੌਰਾਨ ਹੋਰਨਾਂ ਸੂਬਿਆਂ ਤੋਂ ਪਰਤੇ ਲੋਕਾਂ ਕਾਰਨ ਕੇਸਾਂ ਦੀ ਗਿਣਤੀ ਵਿੱਚ ਵਾਧੇ ਤੋਂ ਬਾਅਦ ਕੇਸਾਂ ਦੇ ਵਧਣ ਦੀ ਦਰ ਘਟਣ ਲੱਗੀ ਹੈ।ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਆਉਂਦੇ ਹਫਤਿਆਂ ਵਿੱਚ ਹਾਲਾਤਾਂ ਵਿੱਚ ਹੋਰ ਉਸਾਰੂ ਮੋੜ ਆਵੇਗਾ।
ਚਾਰ ਕੰਟੋਨਮੈਂਟ ਜ਼ੋਨਾਂ ਨਾਲ, ਪੰਜਾਬ ਵਿੱਚ ਮੌਜੂਦਾ ਸਮੇਂ ਕੋਵਿਡ ਦੇ 1823 ਪਾਜ਼ੇਟਿਵ ਕੇਸ (ਭਾਰਤ ਵਿਚਲੇ ਕੁੱਲ ਕੇਸਾਂ ਦਾ 2.75 ਫੀਸਦ) ਹਨ ਅਤੇ 31 ਵਿਅਕਤੀਆਂ ਦੀ ਮੌਤ ਹੋਈ ਹੈ (ਭਾਰਤ ਅੰਦਰ ਹੋਈਆਂ ਮੌਤਾਂ ਦਾ 1.40 ਫੀਸਦ) ਅਤੇ ਮੌਤਾਂ ਦੀ ਦਰ 1.70 ਬਣਦੀ ਹੈ।
ਹੋਰਨਾਂ ਸੂਬਿਆਂ ਵਿੱਚ ਫਸੇ ਵਿਅਕਤੀਆਂ ਬਾਰੇ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਹੋਰਨਾਂ ਸੂਬਿਆਂ ਵਿੱਚ ਫਸੇ 56000 ਵਿਅਕਤੀਆਂ ਵਲੋਂ ਹੁਣ ਤੱਕ ਪੰਜਾਬ ਸਰਕਾਰ ਕੋਲ ਵਾਪਸੀ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਸ ਤੋਂ ਇਲਾਵਾ ਸੂਬੇ ਨਾਲ ਸਬੰਧਤ 20 ਹਜ਼ਾਰ ਭਾਰਤੀ ਨਾਗਰਿਕ ਹਨ ਜੋ ਹੋਰਨਾਂ ਮੁਲਕਾਂ ਵਿਚੋਂ ਵਾਪਸ ਪਰਤ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਵਾਪਸ ਪਰਤ ਰਹੇ ਲੋਕਾਂ ਦੇ ਇਕਾਂਤਵਾਸ ਅਤੇ ਟੈਸਟਿੰਗ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।
ਪੰਜਾਬ ਤੋਂ ਆਪਣੇ ਜੱਦੀ ਸੂਬਿਆਂ ਨੂੰ ਜਾਣ ਵਾਲੇ ਪਰਵਾਸੀ ਕਿਰਤੀਆਂ ਬਾਰੇ ਉਨ੍ਹਾਂ ਦੱਸਿਆ ਕਿ ਹੁਣ ਤੱਕ 11.50 ਲੱਖ ਪ੍ਰਵਾਸੀ ਕਿਰਤੀਆਂ (ਖਾਸ ਤੌਰ `ਤੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਤੋਂ) ਨੇ ਰਜਿਸਟ੍ਰੇਸ਼ਨ ਕਰਵਾਈ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਉਤਰ ਪ੍ਰਦੇਸ਼, ਬਿਹਾਰ, ਝਾਰਖੰਡ ਨਾਲ ਸਬੰਧਤ ਹਨ।ਉਨ੍ਹਾਂ ਦੱਸਿਆ ਕਿ ਪਰਵਾਸੀ ਮਜ਼ਦੂਰਾਂ ਦੀ ਜੱਦੀ ਸੂਬਿਆਂ ਨੂੰ ਵਾਪਸੀ ਦੇ ਮਕਸਦ ਨਾਲ 50 ਰੇਲਾਂ ਹੁਣ ਤੱਕ ਸੂਬੇ ਤੋਂ ਸਬੰਧਤ ਸੂਬਿਆਂ ਲਈ ਜਾ ਚੁੱਕੀਆਂ ਹਨ ਅਤੇ ਔਸਤਨ 13-14 ਰੇਲਾਂ ਰੋਜ਼ਾਨਾਂ ਇਨ੍ਹਾਂ ਪਰਵਾਸੀ ਕਿਰਤੀਆਂ ਨੂੰ ਲੈ ਕੇ ਰਵਾਨਾ ਹੋ ਰਹੀਆਂ ਹਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media