Thursday, February 26, 2026

ਨਵਾਂਸ਼ਹਿਰ ਲਗਾਤਾਰ ਦੂਸਰੀ ਵਾਰ ‘ਥ੍ਰੀ ਸਟਾਰ’ ‘ਗਾਰਬੇਜ਼ ਫ੍ਰੀ ਸਿਟੀ’ ਦਾ ਖਿਤਾਬ ਬਰਕਰਾਰ ਰੱਖਣ ’ਚ ਕਾਮਯਾਬ

ਸਤੰਬਰ ’ਚ ਓ.ਡੀ.ਐਫ਼ ਪਲੱਸ-ਪਲੱਸ ਰੈਂਕਿੰਗ ਪ੍ਰਾਪਤ ਕਰਕੇ ਪਹਿਲਾ ਸਥਾਨ ਲਿਆ ਸੀ

ਨਵਾਂਸ਼ਹਿਰ, 19 ਮਈ (ਪੰਜਾਬ ਪੋਸਟ ਬਿਊਰੋ) – ਨਵਾਂਸ਼ਹਿਰ ਨੇ ਲਗਾਤਾਰ ਦੁਸਰੀ ਵਾਰ ਉੱਤਰੀ ਭਾਰਤ ’ਚੋਂ ‘ਗਾਰਬੇਜ਼ ਫ੍ਰੀ ਸਿਟੀ’ ਤਹਿਤ 50 ਹਜ਼ਾਰ ਦੀ ਵਸੋਂ ਵਾਲੀ ਸ਼੍ਰੇਣੀ ਵਿਚ ‘ਥ੍ਰੀ ਸਟਾਰ’ ਰੇਟਿੰਗ ਪ੍ਰਾਪਤ ਕਰਨ ਆਪਣਾ 2019 ਵਾਲਾ ਖਿਤਾਬ ਬਰਕਰਾਰ ਰੱਖਣ ’ਚ ਸਫ਼ਲਤਾ ਹਾਸਲ ਕੀਤੀ ਹੈ।
ਅੱਜ ਕੇਂਦਰੀ ਮਕਾਨ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਜਿਉਂ ਹੀ ਦਿੱਲੀ ਵਿਖੇ ਸਟਾਰ ਰੇਟਿੰਗ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ, ਉੱਥੇ ਨਵਾਂਸ਼ਹਿਰ ਦੇ ਲੋਕਾਂ ’ਚ ਇਸ ਖਿਤਾਬ ’ਤੇ ਲਗਾਤਾਰ ਦੂਸਰੀ ਵਾਰ ਕਬਜ਼ਾ ਹੋਣ ਨਾਲ ਖੁਸ਼ੀ ਦਾ ਚਾਅ ਚੜ੍ਹ ਗਿਆ।
                   ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਨਗਰ ਕੌਂਸਲ ਨੂੰ ਇਸ ਮੁਕਾਮ ’ਤੇ ਪਹੁੰਚਾਉਣ ਵਾਲੀ ਟੀਮ ਸਾਬਕਾ ਪ੍ਰਧਾਨ ਲਲਿਤ ਮੋਹਨ ਅਤੇ ਸਾਬਕਾਂ ਕੌਂਸਲਰਾਂ ਅਤੇ ਨਗਰ ਕੌਂਸਲ ਦੇ ਸਮੁੱਚੇ ਸਟਾਫ਼ ਸਿਰ ਇਸ ਖਿਤਾਬ ਦਾ ਸਿਹਰਾ ਬੰਨ੍ਹਦਿਆਂ ਕਿਹਾ ਕਿ ਜਿਸ ਸ਼ਿੱਦਤ ਨਾਲ ਸਾਬਕਾ ਪ੍ਰਧਾਨ ਅਤੇ ਉਨ੍ਹਾਂ ਦੇ ਕੌਂਸਲਰ ਸਾਥੀਆਂ ਵਲੋਂ ਨਗਰ ਕੌਂਸਲ ਦੇ ਸਟਾਫ਼ ਦੀ ਹੌਂਸਲਾ ਅਫ਼ਜ਼ਾਈ ਅਤੇ ਅਗਵਾਈ ਕਰਕੇ ਸ਼ਹਿਰ ਨੂੰ ਇਹ ਮਾਣ ਦਿਵਾਇਆ ਗਿਆ ਹੈ, ਉਹ ਆਪਣੇ ਆਪ ਵਿੱਚ ਵੱਡੀ ਮਿਸਾਲ ਹੈ।ਉਨ੍ਹਾਂ ਕਿਹਾ ਕਿ ‘ਗਾਰਬੇਜ ਫ੍ਰੀ ਸਿਟੀ’ ਖਿਤਾਬ ਨੇ ਸਵੱਛਤਾ ਸਰਵੇਖਣ 2020 ਦੇ ਅਗਲੇ ਦਿਨਾਂ ’ਚ ਐਲਾਨੇ ਜਾਣ ਵਾਲੇ ਨਤੀਜਿਆਂ ’ਚ ਵੀ ਸ਼ਹਿਰ ਲਈ ਫ਼ਿਰ ਤੋਂ ਮਾਅਰਕਾ ਮਾਰਨ ਦੀ ਆਸ ਜਗਾ ਦਿੱਤੀ ਹੈ।
               ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਸਵੱਛਤਾ ਸਰਵੇਖਣ 2020 ਦੇ ਕੁੱਲ 6000 ਅੰਕਾਂ ਤਹਿਤ ਸਟਾਰ ਰੇਟਿੰਗ ਦੇ ਇਸ ਮਾਪਦੰਡ ’ਚ 1000 ਅੰਕ ਸਨ, ਜਿਨ੍ਹਾਂ ’ਚੋਂ ਨਵਾਂਸ਼ਹਿਰ ਨੇ 600 ਅੰਕ ਪ੍ਰਾਪਤ ਕਰਕੇ ਤਿੰਨ ਸਟਾਰ ਦਾ ਖਿਤਾਬ ਹਾਸਲ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਤੰਬਰ 2019 ਦੌਰਾਨ ਸਤੰਬਰ 2020 ਸਵੱਛਤਾ ਸਰਵੇਖਣ ਦੀ ਕੀਤੀ ਗਈ ਦਰਜਾਬੰਦੀ ’ਚ ਨਵਾਂਸ਼ਹਿਰ ਨੇ ‘ਓ ਡੀ ਐਫ਼ ਪਲੱਸ-ਪਲੱਸ’ ਰੈਂਕ 500 ਅੰਕ ਪ੍ਰਾਪਤ ਕਰਕੇ ਹਾਸਲ ਕੀਤਾ ਸੀ।
                ਨਗਰ ਕੌਂਸਲ ਦੇ ਈ’ਓ ਜਗਜੀਤ ਸਿੰਘ ਅਤੇ ਸਾਬਕਾ ਪ੍ਰਧਾਨ ਲਲਿਤ ਮੋਹਨ ਪਾਠਕ ਅਨੁਸਾਰ ਸਟਾਰ ਰੇਟਿੰਗ ਦੇ ਮਾਪਦੰਡਾਂ ’ਚ ਘਰਾਂ ਤੋਂ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਨ ਤੋਂ ਬਾਅਦ ਇਸ ਦੀ ਡੰਪ ਤੱਕ ਢੋਆ-ਢੁਆਈ, ਪ੍ਰੋਸੈਸਿੰਗ (ਖਾਦ ਆਦਿ ਬਣਾਉਣਾ), ਸਬੰਧਤ ਏਜੰਸੀ ਵੱਲੋਂ ਆਪਣੇ ਤੌਰ ’ਤੇ ਇਸ ਦਾ ਸਰਵੇਖਣ, ਤਸਵੀਰਾਂ ਅਤੇ ਲੋਕਾਂ ਦਾ ਫੀਡਬੈਕ ਲੈਣ ਬਾਅਦ ਇਹ ਸਟਾਰਵ ਰੇਟਿੰਗ ਨਿਰਧਾਰਿਤ ਹੁੰਦੀ ਹੈ।
                ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ’ਚ ਰੋਜ਼ਾਨਾ 14 ਟਨ ਕੂੜਾ ਇਕੱਠਾ ਕੀਤਾ ਜਾਂਦਾ ਹੈ, ਜਿਸ ਨੂੰ ਡੰਪ ’ਤੇ ਲਿਜਾ ਕੇ ਬਣਾਈਆਂ ਗਈਆਂ 75 ਪਿੱਟਾਂ ’ਚ ਪਾਇਆ ਜਾਂਦਾ ਹੈ।ਇੱਕ ਪਿੱਟ ਦੀ ਸਮਰੱਥਾ ਸਾਢੇ ਪੰਜ ਲੱਖ ਟਨ ਵੇਸਟ ਦੀ ਹੈ, ਜੋ ਕਿ ਬਾਅਦ ’ਚ 15 ਫ਼ੀਸਦੀ ਖਾਦ ਵਜੋਂ ਰਹਿ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਕੁਰਕਰੇ ਤੇ ਅਜਿਹੇ ਹੋਰ ਪੈਕਿੰਗ ਮੈਟੀਰੀਅਲ ਨੂੰ ਸੀਮਿੰਟ ਫੈਕਟਰੀਆਂ ’ਚ ਆਰ ਡੀ ਐਫ਼ ਫਿਊਲ ਵਜੋਂ ਵਰਤਣ ਲਈ ਡੰਪ ਵਿਖੇ ਬੇਲਿੰਗ ਮਸ਼ੀਨ ਵੀ ਲਾਈ ਜਾ ਚੁੱਕੀ ਹੈ।
                   ਉਨ੍ਹਾਂ ਆਸ ਪ੍ਰਗਟਾਈ ਕਿ ਸਵੱਛਤਾ ਸਰਵੇਖਣ 2020 ਦੇ ਅਗਲੇ ਦਿਨਾਂ ’ਚ ਐਲਾਨੇ ਜਾਣ ਵਾਲੇ ਨਤੀਜਿਆਂ ’ਚ ਨਵਾਂਸ਼ਹਿਰ ਨਗਰ ਕੌਂਸਲ ਪਿਛਲੀ ਵਾਰ ਵਾਂਗ ਫ਼ਿਰ ਉਤਰੀ ਭਾਰਤ ’ਚੋਂ ਵਧੀਆ ਸਥਾਨ ਹਾਸਲ ਕਰੇਗੀ, ਜਿਸ ਦਾ ਸਿਹਰਾ ਖਾਸ ਤੌਰ ’ਤੇ ਸ਼ਹਿਰ ਦੇ ਸਫ਼ਾਈ ਸੇਵਕਾਂ, ਉਨ੍ਹਾਂ ਦਾ ਸਾਥ ਦੇਣ ਵਾਲੇ ਲੋਕਾਂ ਅਤੇ ਲੋਕਾਂ ਨੂੰ ਪ੍ਰੇਰਨ ਵਾਲੇ ਸਾਬਕਾ ਕੌਂਸਲਰਾਂ ਅਤੇ ਨਗਰ ਕੌਂਸਲ ਦੇ ਸਟਾਫ਼ ਨੂੰ ਜਾਂਦਾ ਹੈ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …