9 ਭਾਰਤੀ ਤੇ 2 ਪਾਕਿਸਤਾਨੀ ਨੌਜਵਾਨ ਵਤਨ ਪਰਤੇ, ਰਹਿੰਦੇ 3 ਵੀ ਜਲਦ ਆਉਣਗੇ – ਡਾ. ਓਬਰਾਏ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਬਿਨਾਂ ਕੋਈ ਧਰਮ, ਜਾਤ ਤੇ ਦੇਸ਼ ਵੇਖਿਆਂ ਅਨੇਕਾਂ ਮਾਵਾਂ ਦੇ ਪੁੱਤ ਮੌਤ ਦੇ ਮੂੰਹ ‘ਚੋਂ ਬਚਾਅ ਕੇ ਲਿਆਉਣ ਵਾਲੇ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐਸ.ਪੀ ਸਿੰਘ ਓਬਰਾਏ ਨੇ ਆਪਣੀ ਨੇਕ ਕਮਾਈ ‘ਚੋਂ ਬਲੱਡ ਮਨੀ ਦੇ ਰੂਪ ‘ਚ ਕਰੋੜਾਂ ਰੁਪਿਆ ਖਰਚ ਕਰ ਕੇ ਦੁਬਈ ‘ਚ ਕਤਲ ਦੇ ਕੇਸ ‘ਚ ਸਜ਼ਾ-ਯਾਫਤਾ 14 ਹੋਰ ਨੌਜਵਾਨਾਂ ਨੂੰ ਮੌਤ ਦੇ ਮੂੰਹੋਂ ਕੱਢ ਕੇ ਕਈ ਘਰ ਉਜੜਜ਼ ਤੋਂ ਬਚਾ ਲਏ ਹਨ।
ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ 31 ਦਸੰਬਰ 2015 ਨੂੰ ਸ਼ਾਰਜਾਹ ‘ਚ ਹੋਏ ਇੱਕ ਝਗੜੇ ਦੌਰਾਨ ਜਲੰਧਰ ਜ਼ਿਲ੍ਹੇ ਦੇ ਕਸਬਾ ਸਮਰਾਏ ਦੇ 23 ਸਾਲਾ ਅਸ਼ਿਵ ਅਲੀ ਪੁੱਤਰ ਯੂਸਫ ਅਲੀ ਅਤੇ ਕਪੂਰਥਲਾ ਦੇ ਪਿੰਡ ਪੰਡੋਰੀ ਦੇ 25 ਸਾਲਾ ਵਰਿੰਦਰਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਦੀ ਮੌਤ ਹੋ ਗਈ ਸੀ।ਇਸ ਕੇਸ ‘ਚ ਕੁੱਲ 14 ਨੌਜਵਾਨ ਦੋਸ਼ੀ ਪਾਏ ਗਏ ਸਨ ਜਿਨਾਂ ਚੋਂ 12 ਭਾਰਤੀ ਅਤੇ 2 ਪਾਕਿਸਤਾਨੀ ਸਨ।ਸਾਰੇ ਨੌਜਵਾਨਾਂ ਨੂੰ 1 ਜਨਵਰੀ 2016 ਨੂੰ ਪੁਲਿਸ ਨੇ ਫ਼ੜ ਕੇ ਜੇਲ੍ਹ ‘ਚ ਬੰਦ ਕਰ ਦਿੱਤਾ ਸੀ।
ਡਾ. ਓਬਰਾਏ ਨੇ ਦੱਸਿਆ ਕਿ ਕਤਲ ਕੇਸ ‘ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਨੇ ਆਪਣੇ ਘਰ ਉਜੜਣ ਤੋਂ ਬਚਾਉਣ ਦਾ ਵਾਸਤਾ ਦਿੰਦਿਆਂ ਮਦਦ ਮੰਗੀ ਸੀ।ਮ੍ਰਿਤਕ ਵਰਿੰਦਰਪਾਲ ਦੇ ਦੁਬਈ ‘ਚ ਰਹਿੰਦੇ ਕਰੀਬੀ ਰਿਸ਼ਤੇਦਾਰ ਨਿਰਮਲ ਸਿੰਘ ਨੂੰ ਦੱਸਿਆ ਉਹ ਪੀੜਤ ਪਰਿਵਾਰਾਂ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਉਕਤ ਕੇਸ ਵਿੱਚ ਫ਼ਾਂਸੀ ਦੀ ਸਜ਼ਾ ਯਾਫਤਾ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੇ ਹਨ।ਇਸ ਉਪਰੰਤ ਉਹ ਖੁਦ 21 ਮਈ 2018 ਨੂੰ ਨਿਰਮਲ ਸਿੰਘ ਨੂੰ ਨਾਲ ਲੈ ਕੇ ਅਦਾਲਤ ਵਿੱਚ ਪੇਸ਼ ਹੋਏ ਅਤੇ ਮਾਨਯੋਗ ਜੱਜ ਨੂੰ ਕਿਹਾ ਕਿ ਪੀੜਤ ਪਰਿਵਾਰ ਰਾਜ਼ੀਨਾਮੇ ਲਈ ਤਿਆਰ ਹਨ। ਡਾ. ਓਬਰਾਏ ਨੇ ਦੱਸਿਆ ਕਿ ਕੋਰਟ ਵਲੋਂ ਇਜਾਜ਼ਤ ਮਿਲਣ ਮਗਰੋਂ ਉਨ੍ਹਾਂ ਨੇ 9 ਜੁਲਾਈ 2018 ਨੂੰ ਪੀੜਤ ਪਰਿਵਾਰਾਂ ਨੂੰ ਬਲੱਡ ਮਨੀ ਦੇ ਪੈਸੇ ਸੌਂਪ ਕੇ ਸਮਝੌਤੇ ਦੇ ਲੋੜੀਂਦੇ ਕਾਗਜ਼ ਤਿਆਰ ਕਰਵਾਏ ਅਤੇ 24 ਅਕਤੂਬਰ ਨੂੰ ਉਨਾਂ ਖੁਦ ਪੇਸ਼ ਹੋ ਕੇ ਕੋਰਟ ਨੂੰ ਬਲੱਡ ਮਨੀ ਲੈਣ ਉਪਰੰਤ ਹੋਏ ਸਮਝੌਤੇ ਦੇ ਅਸਲ ਕਾਗਜ਼ ਸੌਂਪ ਦਿੱਤੇ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਨਵੰਬਰ 2018 ਤੋਂ ਬਾਅਦ ਸਾਲ 2019 ਦੇ ਮਾਰਚ ਤੋਂ ਦਸੰਬਰ ਤੱਕ ਇਸ ਕੇਸ ‘ਤੇ ਕੁੱਲ 27 ਸੁਣਵਾਈਆਂ ਹੋਈਆਂ।ਜਿਸ ਦੌਰਾਨ ਉਹ ਬਹੁਤੀ ਵਾਰ ਖ਼ੁਦ ਕੋਰਟ ਵਿੱਚ ਪੇਸ਼ ਹੋਏ।ਉਨਾਂ ਕਿਹਾ ਕਿ 12 ਫ਼ਰਵਰੀ ਨੂੰ ਕੇਸ ਤੇ ਅਪੀਲ ਲੱਗ ਗਈ ਅਤੇ ਇਸ ਤੋਂ ਬਾਅਦ ਦੋ ਸੁਣਵਾਈਆਂ ਹੋਣ ਉਪਰੰਤ ਇਸ ਸਾਲ 8 ਅਪ੍ਰੈਲ ਨੂੰ ਅਦਾਲਤ ਨੇ ਕੁੱਝ ਸਮੇਂ ਬਾਅਦ ਜੇਲ੍ਹ ਚੋਂ ਬਰੀ ਕਰਨ ਦਾ ਐਲਾਨ ਕੀਤਾ।ਉਨ੍ਹਾਂ ਦੱਸਿਆ ਕਿ ਇਸ ਕੇਸ ਤੇ ਕੱਲ 75 ਲੱਖ ਰੁਪਏ ਦੇ ਕਰੀਬ ਖਰਚ ਹੋਏ ਹਨ ਜਿਨ੍ਹਾਂ ‘ਚੋਂ ਕੁੱਝ ਪੈਸੇ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਵੀ ਦਿੱਤੇ ਸਨ।
ਡਾ. ਓਬਰਾਏ ਨੇ ਦੱਸਿਆ ਕਿ ਜੇਲ੍ਹ ‘ਚੋਂ ਰਿਹਾਅ ਹੋਏ 9 ਭਾਰਤੀ ਤੇ 2 ਪਾਕਿਸਤਾਨੀ ਨੌਜਵਾਨ ਵਿਸ਼ੇਸ਼ ਜਹਾਜ਼ਾਂ ਰਾਹੀਂ ਆਪਣੇ ਵਤਨ ਪੁੱਜ ਗਏ ਹਨ ਜਦ ਕਿ 3 ਭਾਰਤੀ ਨੌਜਵਾਨ ਜਹਾਜ਼ ‘ਚ ਸੀਟ ਨਾ ਮਿਲਣ ਕਾਰਨ ਅਜੇ ਦੁਬਈ ‘ਚ ਹਨ, ਜੋ ਜਲਦੀ ਹੀ ਵਾਪਸ ਆ ਜਾਣਗੇ।ਭਾਰਤ ਪਹੁੰਚੇ 9 ਨੌਜਵਾਨਾਂ ਨੂੰ ਕਰੋਨਾ ਵਾਇਰਸ ਕਾਰਨ ਮਿਲਟਰੀ ਹਸਪਤਾਲ ਚੇਨਈ ‘ਚ 14 ਦਿਨਾਂ ਲਈ ਰੱਖਿਆ ਗਿਆ ਹੈ।
ਆਪਣੀ ਨੇਕ ਕਮਾਈ ‘ਚੋ ਕਰੋੜਾਂ ਦੀ ਬਲੱਡ ਮਨੀ ਦੇ ਕੇ ਫਾਂਸੀ ਦੀ ਸਜ਼ਾ ਮਾਫ਼ ਕਰਵਾਉਣ ਤੇ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਨਮ ਅੱਖਾਂ ਨਾਲ ਡਾ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਰਉਪਕਾਰ ਉਹਨਾਂ ਨੂੰ ਸਾਰੀ ਉਮਰ ਯਾਦ ਰਹੇਗਾ।
ਡਾ.ਐਸ.ਪੀ ਸਿੰਘ ਓਬਰਾਏ ਵੱਲੋਂ ਬਲੱਡ ਮਨੀ ਦੇਣ ਉਪਰੰਤ ਸਜ਼ਾ ਤੋਂ ਬਚਾਏ ਗਏ ਨੌਜਵਾਨ
1. ਟੋਨੀ ਮਸੀਹ ਪੁੱਤਰ ਸ਼ਾਮੂ ਮਸੀਹ ਜ਼ਿਲ੍ਹਾ ਗੁਰਦਾਸਪੁਰ
2. ਹਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ
3. ਨਵਨੀਤ ਕੁਮਾਰ ਪੁੱਤਰ ਰੂਪ ਲਾਲ ਜਿਲ੍ਹਾ ਗੁਰਦਾਸਪੁਰ
4. ਰੋਹਿਤ ਪੁੱਤਰ ਡੈਨੀਅਲ ਜ਼ਿਲ੍ਹਾ ਗੁਰਦਾਸਪੁਰ
5. ਹੈਪੀ ਪੁੱਤਰ ਪਿਆਰਾ ਮਸੀਹ ਜਿਲ੍ਹਾ ਗੁਰਦਾਸਪੁਰ
6. ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਜ਼ਿਲ੍ਹਾ ਨਵਾਂ ਸ਼ਹਿਰ
7. ਅਜੇ ਕੁਮਾਰ ਪੁੱਤਰ ਮਦਨ ਲਾਲ ਨਵਾਂ ਸ਼ਹਿਰ
8. ਗਿਆਨ ਚੰਦ ਪੁੱਤਰ ਗੁਰਮੀਤ ਲਾਲ ਹੁਸ਼ਿਆਰਪੁਰ
9. ਕੁਲਵਿੰਦਰ ਸਿੰਘ ਪੁੱਤਰ ਸ਼ੁਕਰ ਸਿੰਘ ਜਿਲ੍ਹਾ ਕਪੂਰਥਲਾ
10. ਬੂਟਾ ਸਿੰਘ ਪੁੱਤਰ ਬਲਵਿੰਦਰ ਸਿੰਘ ਜਿਲ੍ਹਾ ਕਪੂਰਥਲਾ
11. ਪਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਜਲੰਧਰ
12. ਦਲਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਕੁਰੂਕਸ਼ੇਤਰ (ਹਰਿਆਣਾ)
13. ਉਸਮਾਨ (ਪਾਕਿਸਤਾਨ)
14. ਸ਼ਾਜ਼ਾਬ (ਪਾਕਿਸਤਾਨ) ਸਨ।
Punjab Post Daily Online Newspaper & Print Media